ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਤੋਂ ਬਾਅਦ ਰਾਹਤ ਅਤੇ ਪੁਨਰਵਾਸ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਚੜ੍ਹਦੀ ਕਲਾ’ ਅਧੀਨ ਪਹਿਲੇ 1000 ਦਾਨੀਆਂ ਨੂੰ ਖ਼ਾਸ ਤੌਰ ‘ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਪੰਜਾਬੀ ਦੀ ਸਾਂਝ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਪੰਜਾਬ ਮੁੜ ਆਪਣੇ ਪੈਰਾਂ ‘ਤੇ ਖੜ੍ਹ ਸਕਦਾ ਹੈ।
ਲੋਕਾਂ ਨੂੰ ਦਾਨ ਦੇਣ ਲਈ ਅਪੀਲ
ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ http://rangla.punjab.gov.in
ਵੈਬਸਾਈਟ ਰਾਹੀਂ ਯੋਗਦਾਨ ਪਾ ਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਨ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਤਰੱਕੀ ਸਿਰਫ਼ ਸਰਕਾਰ ਦੇ ਯਤਨਾਂ ਨਾਲ ਸੰਭਵ ਨਹੀਂ, ਸਗੋਂ ਲੋਕਾਂ ਦੀ ਭਾਗੀਦਾਰੀ ਨਾਲ ਹੀ ਇਹ ਕੰਮ ਪੂਰਾ ਹੋ ਸਕਦਾ ਹੈ।
ਹੜ੍ਹਾਂ ਨਾਲ ਵਿਆਪਕ ਨੁਕਸਾਨ
ਇਹ ਯਾਦ ਰਹੇ ਕਿ ਪਿਛਲੇ ਮਹੀਨਿਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਹੜ੍ਹਾਂ ਆਈਆਂ ਸਨ। ਇਸ ਦੌਰਾਨ ਖੇਤਾਂ ਵਿੱਚ ਖੜ੍ਹੀ ਫ਼ਸਲ, ਘਰਾਂ, ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਗੰਭੀਰ ਨੁਕਸਾਨ ਹੋਇਆ ਸੀ। ਸਰਕਾਰ ਵੱਲੋਂ ਰਾਹਤ ਸਮੱਗਰੀ ਤੇ ਮੁਆਵਜ਼ਾ ਦੇਣ ਦੇ ਨਾਲ-ਨਾਲ ਹੁਣ ਪੁਨਰਵਾਸ ਲਈ ‘ਮਿਸ਼ਨ ਚੜ੍ਹਦੀ ਕਲਾ’ ਮੁਹਿੰਮ ਅੱਗੇ ਵਧਾਈ ਜਾ ਰਹੀ ਹੈ।
NRI ਪੰਜਾਬੀਆਂ ਲਈ ਖ਼ਾਸ ਅਪੀਲ
ਮੁੱਖ ਮੰਤਰੀ ਮਾਨ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਖ਼ਾਸ ਤੌਰ ‘ਤੇ ਬੇਨਤੀ ਕੀਤੀ ਹੈ ਕਿ ਉਹ ਆਪਣੇ ਪਿੰਡਾਂ ਅਤੇ ਵਤਨ ਦੀ ਮੁੜ ਤਾਮੀਰ ਵਿੱਚ ਯੋਗਦਾਨ ਪਾ ਕੇ ਪੰਜਾਬ ਦੀ ਤਰੱਕੀ ਅਤੇ ਚੜ੍ਹਦੀ ਕਲਾ ਦਾ ਹਿੱਸਾ ਬਣਨ।