ਚੰਡੀਗੜ੍ਹ :- ਪੰਜਾਬੀ ਗਾਇਕ ਯੋ ਯੋ ਹਣੀ ਸਿੰਘ ਅਤੇ ਕਰਣ ਔਜਲਾ ਨੇ ਔਰਤਾਂ ਪ੍ਰਤੀ ਅਪਮਾਨਜਨਕ ਬੋਲਾਂ ਵਾਲੇ ਗੀਤਾਂ ਦੇ ਮਾਮਲੇ ‘ਚ ਮਾਫ਼ੀ ਮੰਗ ਲਈ ਹੈ। ਇਹ ਮਾਫ਼ੀ ਉਨ੍ਹਾਂ ਨੇ ਪੰਜਾਬ ਸਟੇਟ ਵੁਮੈਨਜ਼ ਕਮਿਸ਼ਨ ਵੱਲੋਂ ਤਲਬੀ ਤੋਂ ਬਾਅਦ ਦਿੱਤੀ।
ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਦੋਵਾਂ ਗਾਇਕਾਂ ਨੂੰ ਉਨ੍ਹਾਂ ਦੇ ਗੀਤਾਂ ਬਾਰੇ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਵਿੱਚ ਕੁਝ ਬੋਲ ਔਰਤਾਂ ਦੀ ਇੱਜ਼ਤ ਘਟਾਉਣ ਵਾਲੇ ਪਾਏ ਗਏ ਸਨ। ਗਿੱਲ ਨੇ ਕਿਹਾ ਕਿ ਦੋਵਾਂ ਨੇ ਆਪਣੇ ਗੀਤਾਂ ਵਿੱਚ ਵਰਤੇ ਗਏ ਸ਼ਬਦਾਂ ਲਈ ਅਫਸੋਸ ਜਤਾਇਆ ਹੈ।
ਗੀਤਾਂ ਦੀ ਜਾਂਚ ਤੋਂ ਬਾਅਦ ਤਲਬੀ
ਕਮਿਸ਼ਨ ਨੇ ਪਹਿਲਾਂ ਸ਼ਿਕਾਇਤਾਂ ਪ੍ਰਾਪਤ ਹੋਣ ਤੋਂ ਬਾਅਦ ਖ਼ੁਦ ਗੀਤ ਸੁਣ ਕੇ ਜਾਂਚ ਕੀਤੀ। ਰਾਜ ਲਾਲੀ ਗਿੱਲ ਨੇ ਗੀਤਾਂ ‘ਮਿਲੀਅਨੇਅਰ’ (ਹਣੀ ਸਿੰਘ) ਅਤੇ ‘ਐਮ.ਐੱਫ ਗਬਰੂ’ (ਕਰਣ ਔਜਲਾ) ਵਿੱਚ ਕੁਝ ਬੋਲਾਂ ਨੂੰ ਅਸ਼ਲੀਲ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਗਾਇਕਾਂ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ।,
ਭਵਿੱਖ ਵਿੱਚ ਸਾਵਧਾਨ ਰਹਿਣ ਦਾ ਭਰੋਸਾ
ਪੁੱਛ ਗਿੱਛ ਦੌਰਾਨ ਦੋਵਾਂ ਗਾਇਕਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਅੱਗੇ ਤੋਂ ਅਜਿਹੇ ਬੋਲਾਂ ਦਾ ਇਸਤੇਮਾਲ ਨਾ ਕੀਤਾ ਜਾਵੇ। ਹਣੀ ਸਿੰਘ ਅਤੇ ਕਰਣ ਔਜਲਾ ਨੇ ਕਮਿਸ਼ਨ ਨੂੰ ਯਕੀਨ ਦਵਾਇਆ ਹੈ ਕਿ ਅਗਲੇ ਗੀਤਾਂ ਵਿੱਚ ਸ਼ਬਦਾਂ ਦੀ ਚੋਣ ਬਾਰੇ ਵੱਧ ਸਾਵਧਾਨੀ ਬਰਤੀ ਜਾਵੇਗੀ।
ਇਸ ਮਾਮਲੇ ਨੇ ਉਸ ਸਮੇਂ ਚਰਚਾ ਫੜੀ ਸੀ ਜਦੋਂ ਦੋਵਾਂ ਗੀਤਾਂ ‘ਤੇ ਸ਼ਿਕਾਇਤਾਂ ਹੋਈਆਂ ਸਨ ਅਤੇ ਕਮਿਸ਼ਨ ਨੇ ਪੁਲਸ ਤੋਂ ਰਿਪੋਰਟ ਮੰਗ ਕੇ ਅਜੇਹੇ ਮਾਮਲਿਆਂ ‘ਤੇ ਰੋਕ ਲਗਾਉਣ ਦੇ ਉਪਾਅ ‘ਤੇ ਵੀ ਵਿਚਾਰ ਕੀਤਾ ਸੀ।