ਚੰਡੀਗੜ੍ਹ :- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ, ਇਹ ਧਮਕੀ ਭਰੇ ਮੈਸੇਜ ਇਕ ਵਿਦੇਸ਼ੀ ਨੰਬਰ ਤੋਂ ਭੇਜੇ ਗਏ ਹਨ।
ਮੈਸੇਜ ਵਿੱਚ ਧਮਕੀ ਦੇਣ ਵਾਲਿਆਂ ਨੇ ਲਿਖਿਆ ਕਿ, “ਤਿਆਰੀ ਕਰ ਲੈ, ਤੇਰਾ ਸਮਾਂ ਆ ਗਿਆ ਹੈ। ਚਾਹੇ ਤੇਰੀ ਪਤਨੀ ਹੋਵੇ ਜਾਂ ਬੱਚਾ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਤੇਰਾ ਨੰਬਰ ਲਾਉਣਾ ਹੈ।” ਇਸ ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਧਮਕੀ ਨੂੰ ਮਜ਼ਾਕ ਨਾ ਸਮਝਿਆ ਜਾਵੇ ਅਤੇ ਇਸਦੇ ਨਤੀਜੇ ਦੇਖਣ ਲਈ ਤਿਆਰ ਰਹੋ।
ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ
ਇਹ ਪਹਿਲੀ ਵਾਰ ਨਹੀਂ ਹੈ ਕਿ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੈਂਗਸਟਰ ਦਵਿੰਦਰ ਬੰਬੀਹਾ ਵਲੋਂ ਉਸ ਨੂੰ ਜਾਨੋਂ ਮਾਰਨ ਦੀ ਚੇਤਾਵਨੀ ਦਿੱਤੀ ਗਈ ਸੀ। ਇਹ ਧਮਕੀ ਉਸ ਸਮੇਂ ਆਈ ਸੀ ਜਦੋਂ ਲਾਰੈਂਸ ਬਿਸ਼ਨੋਈ ਅਤੇ ਉਸਦੇ ਸਾਥੀ ਗੈਂਗਸਟਰ ਗੋਲਡੀ ਬਰਾੜ ਨੇ ਮਈ 2022 ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਸ ਸਮੇਂ ਮਨਕੀਰਤ ਨੇ ਪੰਜਾਬ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ।