ਅਨੰਦਪੁਰ ਸਾਹਿਬ :- ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਅੰਨਦਾਤਾ ਦੀ ਲੁੱਟ ਬੰਦ ਕਰਨ ਅਤੇ ਖਾਦਾਂ ਦੇ ਨਾਲ ਬੂਸਟਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਲਵਿੰਦਰ ਕੰਗ ਨੇ ਕਿਹਾ ਕਿ ਸਾਡੇ ਕਿਸਾਨ ਜੋ ਭਾਰਤ ਦੀ ਅਰਥਵਿਵਸਥਾ ਦੀ ਰੂਹ ਹਨ, ਉਨ੍ਹਾਂ ਨਾਲ ਖੁੱਲ੍ਹੇਆਮ ਧੋਖਾਧੜੀ ਹੋ ਰਹੀ ਹੈ।
ਕੈਂਮਿਕਲ ਤੇ ਖਾਦਾਂ ਸੰਬੰਧੀ ਸਥਾਈ ਕਮੇਟੀ ਵਿਚ ਉਠਾਇਆ ਮਸਲਾ
ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਕੈਮੀਕਲ ਅਤੇ ਖਾਦਾਂ ਸੰਬੰਧੀ ਸਥਾਈ ਕਮੇਟੀ ਵਿਚ ਵੀ ਉਠਾਇਆ ਗਿਆ ਹੈ। ਕੰਗ ਨੇ ਕਮੇਟੀ ਦੇ ਚੇਅਰਮੈਨ ਨੂੰ ਪੱਤਰ ਭੇਜ ਕੇ ਰਾਸ਼ਟਰੀ ਪੱਧਰ ‘ਤੇ ਤੁਰੰਤ ਕਾਰਵਾਈ, ਸਖ਼ਤ ਡਿਜ਼ਿਟਲ ਨਿਗਰਾਨੀ ਅਤੇ ਦੋਸ਼ੀਆਂ ਨੂੰ ਕਠੋਰ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਰੂਪਨਗਰ ਵਿੱਚ ਡਿਸਟ੍ਰੀਬਿਊਟਰ ਖ਼ਿਲਾਫ਼ ਪੁਲਿਸ ਕਾਰਵਾਈ
ਹਾਲ ਹੀ ਵਿੱਚ, ਰੂਪਨਗਰ ਸਿਟੀ ਪੁਲਿਸ ਨੇ ਖਾਦਾਂ ਨਾਲ ਧੱਕੇਸ਼ਾਹੀ ਬੂਸਟਰ ਵੇਚਣ ਦੇ ਦੋਸ਼ਾਂ ਹੇਠ ਇੱਕ ਡਿਸਟ੍ਰੀਬਿਊਟਰ ਖ਼ਿਲਾਫ਼ ਮਾਮਲਾ ਦਰਜ ਕੀਤਾ। ਇਹ ਕਾਰਵਾਈ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਦੀ ਸ਼ਿਕਾਇਤ ‘ਤੇ ਕੀਤੀ ਗਈ। ਪੁਲਿਸ ਨੇ ਮਨਪ੍ਰੀਤ ਸਿੰਘ (ਸੋਹੀ ਖੇਤੀ ਸੇਵਾ ਸੈਂਟਰ) ਨੂੰ ਨਾਮਜ਼ਦ ਕੀਤਾ।
ਕਿਸਾਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਸੀ
ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਕਿਸਾਨਾਂ ਨੂੰ ਖਾਦ ਦੇ ਨਾਲ ਜ਼ਬਰਦਸਤੀ ਹੋਰ ਉਤਪਾਦ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਕੁਝ ਉਤਪਾਦਾਂ ਦੀ ਕੀਮਤ ਖਾਦ ਦੇ ਥੈਲੇ ਨਾਲੋਂ ਵੀ ਵੱਧ ਸੀ। ਛੋਟੇ ਖਾਦ ਵਿਕਰੇਤਾਵਾਂ ਨੇ ਵੀ ਸ਼ਿਕਾਇਤ ਕੀਤੀ ਕਿ ਜੇ ਉਹ ਡਿਸਟ੍ਰੀਬਿਊਟਰ ਦੀਆਂ ਮੰਗਾਂ ਨਹੀਂ ਮਾਨਦੇ, ਤਾਂ ਉਨ੍ਹਾਂ ਨੂੰ ਡੀ.ਏ.ਪੀ. ਖਾਦ ਨਹੀਂ ਮਿਲਦੀ।
ਪੁਲਿਸ ਕਾਰਵਾਈ ਨਾਲ ਸਾਬਤ ਹੋਈ ਧੱਕੇਸ਼ਾਹੀ
ਖੇਤੀਬਾੜੀ ਵਿਭਾਗ ਦੀ ਜਾਂਚ ਦੌਰਾਨ ਡਿਸਟ੍ਰੀਬਿਊਟਰ ਦੀ ਧੱਕੇਸ਼ਾਹੀ ਸਾਬਤ ਹੋਈ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਕਿਸਾਨਾਂ ਨਾਲ ਜ਼ਬਰਦਸਤੀ ਜਾਂ ਧੋਖਾਧੜੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।