ਅਬੋਹਰ :- ਫਾਜ਼ਿਲਕਾ ਜ਼ਿਲ੍ਹੇ ਵਿੱਚ ਵਿਜਿਲੈਂਸ ਵਿਭਾਗ ਨੇ ਅਬੋਹਰ ‘ਚ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਓਪਰੇਸ਼ਨ ਚਲਾਇਆ ਹੈ। ਟੀਮ ਨੇ ਅੱਗ ਬੁਝਾਉ ਵਿਭਾਗ ਦੇ ਸਹਾਇਕ ਇੰਚਾਰਜ ਵਰਿੰਦਰ ਕੁਮਾਰ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਵਿਜਿਲੈਂਸ ਵੱਲੋਂ ਦੋਸ਼ੀ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਰਿਸ਼ਵਤ ਮੰਗਣ ਦੀ ਮਿਲੀ ਸੀ ਸ਼ਿਕਾਇਤ
ਮਿਲੀ ਜਾਣਕਾਰੀ ਮੁਤਾਬਕ, ਵਰਿੰਦਰ ਕੁਮਾਰ ਨੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਰੀਫ਼ਿਲਿੰਗ ਕਰਨ ਵਾਲੇ ਇੱਕ ਵਿਅਕਤੀ ਤੋਂ ਕਮਿਸ਼ਨ ਦੇ ਤੌਰ ‘ਤੇ ਰਿਸ਼ਵਤ ਦੀ ਮੰਗ ਕੀਤੀ ਸੀ। ਪੀੜਤ ਨੇ ਇਸ ਮਾਮਲੇ ਦੀ ਸ਼ਿਕਾਇਤ ਫਾਜ਼ਿਲਕਾ ਵਿਜਿਲੈਂਸ ਵਿਭਾਗ ਕੋਲ ਕੀਤੀ। ਸ਼ਿਕਾਇਤ ਮਿਲਣ ‘ਤੇ ਡੀਐਸਪੀ ਗੁਰਿੰਦਰਜੀਤ ਸੰਧੂ ਦੀ ਅਗਵਾਈ ਹੇਠ ਵਿਜਿਲੈਂਸ ਟੀਮ ਨੇ ਟ੍ਰੈਪ ਲਗਾ ਕੇ ਦੋਸ਼ੀ ਅਧਿਕਾਰੀ ਨੂੰ ਅਬੋਹਰ ਫਾਇਰ ਵਿਭਾਗ ਦੇ ਦਫ਼ਤਰ ਤੋਂ ਕਾਬੂ ਕਰ ਲਿਆ। ਕਾਰਵਾਈ ਦੌਰਾਨ ਵਿਭਾਗੀ ਰਿਕਾਰਡ ਵੀ ਕਬਜ਼ੇ ਵਿੱਚ ਲਿਆ ਗਿਆ ਹੈ, ਤਾਂ ਜੋ ਮਾਮਲੇ ਦੀ ਪੂਰੀ ਜਾਂਚ ਹੋ ਸਕੇ।