ਲੁਧਿਆਣਾ :- ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲਾਰਾਏਪੁਰ ‘ਚ 72 ਸਾਲਾ ਅਮਰੀਕੀ ਨਾਗਰਿਕਾ ਰੁਪਿੰਦਰ ਕੌਰ ਪੰਧੇਰ ਦੇ ਕਤਲ ਮਾਮਲੇ ‘ਚ ਚੌਕਾਣ ਵਾਲੇ ਖੁਲਾਸੇ ਹੋਏ ਹਨ। ਪੁਲਸ ਜਾਂਚ ਦੌਰਾਨ ਮੁੱਖ ਮੁਲਜ਼ਮ ਸੁਖਜੀਤ ਸਿੰਘ ਸੋਨੂੰ ਨੇ ਕਬੂਲਿਆ ਕਿ ਉਸ ਨੇ 12-13 ਜੁਲਾਈ ਦੀ ਦਰਮਿਆਨੀ ਰਾਤ ਕਤਲ ਕੀਤਾ ਤੇ ਲਾਸ਼ ਨੂੰ ਨਸ਼ਟ ਕਰਨ ਲਈ ਵਾਰ-ਵਾਰ ਡੀਜ਼ਲ ਪਾ ਕੇ ਸਾੜਦਾ ਰਿਹਾ। ਜਦੋਂ ਲਾਸ਼ ਪੂਰੀ ਤਰ੍ਹਾਂ ਨਾ ਸੜੀ ਤਾਂ ਪਾਣੀ ਪਾ ਕੇ ਠੰਡੀ ਕਰਨ ਤੋਂ ਬਾਅਦ ਹਿੱਸਿਆਂ ਨੂੰ ਥੈਲਿਆਂ ‘ਚ ਪੈਕ ਕਰਕੇ ਲਹਿਰਾ ਪਿੰਡ ਕੋਲ ਡਰੇਨ ਵਿਚ ਸੁੱਟ ਆਇਆ। ਬਾਅਦ ਵਿਚ ਏਸੀਪੀ ਹਰਜਿੰਦਰ ਸਿੰਘ ਗਿੱਲ ਦੀ ਹਾਜ਼ਰੀ ‘ਚ ਕੁਝ ਹੱਡੀਆਂ ਪੁਲਸ ਨੇ ਬਰਾਮਦ ਕੀਤੀਆਂ।
ਸੁਪਾਰੀ ਦੀ ਰਕਮ ਤੇ ਪੈਸਿਆਂ ਦਾ ਟਰਾਂਸਫਰ
ਜਾਂਚ ਦੌਰਾਨ ਸਾਹਮਣੇ ਆਇਆ ਕਿ ਇੰਗਲੈਂਡ ਵਿਚ ਰਹਿੰਦੇ ਚਰਨਜੀਤ ਸਿੰਘ ਗਰੇਵਾਲ ਨੇ ਕਤਲ ਲਈ ਸੁਪਾਰੀ ਦਿੱਤੀ ਸੀ। ਉਸ ਵੱਲੋਂ ਵਾਅਦਾ ਕੀਤੀ ਰਕਮ ਵਿਚੋਂ ਲਗਭਗ 35 ਲੱਖ ਰੁਪਏ ਰੁਪਿੰਦਰ ਕੌਰ ਦੇ ਖਾਤੇ ਤੋਂ ਮੁਲਜ਼ਮ ਸੋਨੂੰ ਤੇ ਉਸਦੇ ਭਰਾ ਦੇ ਖਾਤੇ ਵਿਚ ਟਰਾਂਸਫਰ ਹੋਏ।
ਪਾਵਰ ਆਫ਼ ਅਟਾਰਨੀ ਵੀ ਦਿੱਤੀ ਸੀ
ਰੁਪਿੰਦਰ ਕੌਰ ਨੇ ਲੁਧਿਆਣਾ ਸਥਿਤ ਜਾਇਦਾਦ ਦੇ ਮਾਮਲਿਆਂ ਲਈ ਪਾਵਰ ਆਫ਼ ਅਟਾਰਨੀ ਵੀ ਸੁਖਜੀਤ ਸਿੰਘ ਸੋਨੂੰ ਦੇ ਨਾਂ ਕਰ ਰੱਖੀ ਸੀ। ਇਸ ਕਾਰਨ ਸੋਨੂੰ ਨੂੰ ਉਸਦੀ ਜਾਇਦਾਦ ਤੇ ਪੂਰਾ ਕਾਬੂ ਮਿਲ ਗਿਆ ਸੀ।
ਇੰਗਲੈਂਡ ਤੋਂ ਆਏ ਕਤਲ ਦੇ ਹੁਕਮ
ਪੁਲਸ ਨੇ ਕਹਿਆ ਕਿ ਸੋਨੂੰ ਨੇ ਚਰਨਜੀਤ ਸਿੰਘ ਚੰਨੀ ਦੇ ਕਹਿਣ ‘ਤੇ ਕਤਲ ਕਰਨ ਦੀ ਗੱਲ ਮੰਨੀ ਹੈ। ਰੁਪਿੰਦਰ ਕੌਰ ਇੰਗਲੈਂਡ ਦੇ ਰਹਿਣ ਵਾਲੇ ਚੰਨੀ ਨਾਲ ਸੰਬੰਧਾਂ ‘ਚ ਸੀ ਪਰ ਭਾਰਤ ਆਉਣ ਤੋਂ ਬਾਅਦ ਉਹ ਸੋਨੂੰ ਨਾਲ ਰਹਿੰਦੀ ਸੀ। ਲਾਲਚ ਅਤੇ ਚੰਨੀ ਦੇ ਦਬਾਅ ਕਾਰਨ ਸੋਨੂੰ ਨੇ ਇਹ ਦਰਿੰਦਗੀ ਕੀਤੀ। ਪੁਲਸ ਨੇ ਚਰਨਜੀਤ ਸਿੰਘ ਚੰਨੀ ਨੂੰ ਵੀ ਇਸ ਮਾਮਲੇ ‘ਚ ਨਾਮਜ਼ਦ ਕਰ ਲਿਆ ਹੈ।