ਅੰਮ੍ਰਿਤਸਰ :- ਅਜਨਾਲਾ ਦੇ ਨਜ਼ਦੀਕੀ ਪਿੰਡ ਰਿਆੜ ਵਿੱਚ ਚੋਰਾਂ ਨੇ ਇਕ ਸੁੰਨੇ ਪਏ ਘਰ ਨੂੰ ਨਿਸ਼ਾਨਾ ਬਣਾਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਘਰ ਉਸ ਪਰਿਵਾਰ ਦਾ ਹੈ ਜੋ ਇਸ ਵੇਲੇ ਅਮਰੀਕਾ ਵਿੱਚ ਰਹਿੰਦਾ ਹੈ। ਚੋਰ ਘਰ ਵਿੱਚੋਂ ਕੀਮਤੀ ਸਮਾਨ ਹੀ ਨਹੀਂ, ਸਗੋਂ ਰੋਜ਼ਮਰਾ ਵਰਤੋਂ ਦੀਆਂ ਚੀਜ਼ਾਂ ਤੱਕ ਉਖਾੜ ਕੇ ਲੈ ਗਏ।
ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚੋਂ ਪਾਣੀ ਵਾਲੀਆਂ ਟੂਟੀਆਂ, ਬਿਜਲੀ ਦੀਆਂ ਤਾਰਾਂ, ਸਵਿਚ ਬੋਰਡ, ਪੱਖੇ ਅਤੇ ਰਸੋਈ ਵਿੱਚ ਲੱਗੇ ਚੁੱਲ੍ਹੇ ਦੇ ਬਰਨਰ ਤੱਕ ਚੋਰੀ ਕਰ ਲਏ ਗਏ। ਚੋਰਾਂ ਨੇ ਘਰ ਨੂੰ ਇਸ ਤਰ੍ਹਾਂ ਖੰਗਾਲਿਆ ਕਿ ਅੰਦਰਲੀ ਸਹੂਲਤਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ।
ਇੱਕ ਹਫ਼ਤੇ ਬਾਅਦ ਖੁਲਿਆ ਮਾਮਲਾ
ਪਰਿਵਾਰ ਦੇ ਰਿਸ਼ਤੇਦਾਰ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਘਰ ਦੇ ਮਾਲਕ ਜਸਵੰਤ ਸਿੰਘ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਉਹ ਸਮੇਂ-ਸਮੇਂ ’ਤੇ ਘਰ ਦੀ ਦੇਖਭਾਲ ਲਈ ਆਉਂਦੇ ਰਹਿੰਦੇ ਹਨ। ਜਦੋਂ ਉਹ ਹਫ਼ਤੇ ਬਾਅਦ ਘਰ ਪਹੁੰਚੇ ਤਾਂ ਦੇਖਿਆ ਕਿ ਇੱਕ ਬਾਰੀ ਕੱਟੀ ਹੋਈ ਸੀ। ਅੰਦਰ ਜਾ ਕੇ ਪਤਾ ਲੱਗਾ ਕਿ ਘਰ ਵਿੱਚ ਵੱਡੀ ਚੋਰੀ ਹੋ ਚੁੱਕੀ ਹੈ।
ਉਨ੍ਹਾਂ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਤੁਰੰਤ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਪੁਲਸ ਵੱਲੋਂ ਜਾਂਚ ਜਾਰੀ
ਸੰਬੰਧਿਤ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਤੱਕ ਪਹੁੰਚ ਬਣਾਈ ਜਾਵੇਗੀ। ਪ੍ਰਾਰੰਭਿਕ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਘਰ ਲੰਮੇ ਸਮੇਂ ਤੋਂ ਸੁੰਨਾ ਪਿਆ ਹੋਣ ਕਰਕੇ ਚੋਰਾਂ ਲਈ ਆਸਾਨ ਨਿਸ਼ਾਨਾ ਬਣ ਗਿਆ।
ਪਿੰਡ ਵਾਸੀਆਂ ਵਿੱਚ ਇਸ ਘਟਨਾ ਤੋਂ ਬਾਅਦ ਚਿੰਤਾ ਦਾ ਮਾਹੌਲ ਹੈ ਅਤੇ ਲੋਕਾਂ ਨੇ ਰਾਤਰੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੀਆਂ ਵਾਰਦਾਤਾਂ ’ਤੇ ਅੰਕੁਸ਼ ਲੱਗ ਸਕੇ।

