ਪਠਾਨਕੋਟ :- ਸੂਬੇ ‘ਚ ਨਸ਼ੇ ਦੇ ਖ਼ਿਲਾਫ਼ ਜੰਗ ਨੂੰ ਹੋਰ ਤੇਜ਼ ਕਰਦਿਆਂ ਜ਼ਿਲ੍ਹਾ ਪੁਲਸ ਨੇ ਅੱਜ ਐੱਸਐੱਸਪੀ ਦੀ ਅਗਵਾਈ ਹੇਠ ਆਪ੍ਰੇਸ਼ਨ ਕਾਸੋ ਤਹਿਤ ਵੱਖ-ਵੱਖ ਥਾਵਾਂ ‘ਤੇ ਵੱਡੇ ਪੱਧਰ ਦਾ ਸਰਚ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਪੁਲਸ ਨੇ ਨਸ਼ਾ ਤਸਕਰੀ ਨਾਲ ਸੰਬੰਧਿਤ 9 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐੱਸਐੱਸਪੀ ਪਠਾਨਕੋਟ ਨੇ ਦੱਸਿਆ ਕਿ ਪੁਲਸ ਵੱਲੋਂ ਉਹਨਾਂ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਜਿੱਥੇ ਨਸ਼ੇ ਦਾ ਧੰਦਾ ਚਲਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਵੱਲੋਂ ਚਲਾਏ ਜਾ ਰਹੇ ਨਿਰੰਤਰ ਆਪ੍ਰੇਸ਼ਨਾਂ ਦੇ ਕਾਰਨ ਕਈ ਨੌਜਵਾਨ ਨਸ਼ੇ ਨੂੰ ਛੱਡ ਕੇ ਨਸ਼ਾ ਛਡਾਊ ਕੇਂਦਰਾਂ ਵਿਚ ਆਪਣਾ ਇਲਾਜ ਵੀ ਕਰਵਾ ਰਹੇ ਹਨ।
ਨਸ਼ੇ, ਗੈਂਗਵਾਰ ਤੇ ਹਥਿਆਰਾਂ ਨੂੰ ਲੈਕੇ ਪੁਲਸ ਸਖ਼ਤ
ਐੱਸਐੱਸਪੀ ਨੇ ਇਹ ਵੀ ਸਪਸ਼ਟ ਕੀਤਾ ਕਿ ਪਠਾਨਕੋਟ ਪੁਲਸ ਸਿਰਫ਼ ਨਸ਼ਾ ਮਾਫੀਆ ਦੇ ਖ਼ਿਲਾਫ਼ ਹੀ ਨਹੀਂ, ਸਗੋਂ ਗੈਂਗਵਾਰ ਤੇ ਗੈਰਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਵੀ ਨਿਸ਼ਾਨੇ ‘ਤੇ ਲੈ ਰਹੀ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਨਸ਼ੇ ਦੇ ਜੜ੍ਹਾਂ ਨੂੰ ਖ਼ਤਮ ਕਰਨ ਲਈ ਹੋਰ ਸਖ਼ਤ ਕਦਮ ਚੁੱਕੇ ਜਾਣਗੇ, ਤਾਂ ਜੋ ਜ਼ਿਲ੍ਹੇ ਨੂੰ ਨਸ਼ਾ-ਮੁਕਤ ਬਣਾਇਆ ਜਾ ਸਕੇ।