ਕੋਟਕਪੂਰਾ :- ਕੋਟਕਪੂਰਾ ਵਿੱਚ ਥਾਣਾ ਸਿਟੀ ਪੁਲਿਸ ਨੇ ਲੁੱਟ ਖੋਹ ਦੀ ਸਾਜ਼ਿਸ਼ ਰਚ ਰਹੇ ਗਿਰੋਹ ਦੇ ਪੰਜ ਗੁਰਗਿਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਸੀਪਾ, ਰਾਮ ਸਿੰਘ ਰਾਮਾ, ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਅਜੇ ਸਿੰਘ ਨਸੀਰੂ ਅਤੇ ਅਮਰਜੀਤ ਬਿੰਦ ਵਜੋਂ ਹੋਈ ਹੈ। ਸਾਰੇ ਦੇ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ ‘ਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਹੈ।
ਐਸਐਸਪੀ ਤੇ ਡੀਐਸਪੀ ਦੇ ਦਿਸ਼ਾ-ਨਿਰਦੇਸ਼ ‘ਚ ਹੋਈ ਕਾਰਵਾਈ
ਪੁਲਿਸ ਅਧਿਕਾਰੀਆਂ ਅਨੁਸਾਰ, ਇਹ ਕਾਰਵਾਈ ਐਸਐਸਪੀ ਡਾਕਟਰ ਪ੍ਰਗਿਆ ਜੈਨ ਤੇ ਡੀਐਸਪੀ ਜਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ‘ਚ ਹੋਈ। ਥਾਣਾ ਸਿਟੀ ਕੋਟਕਪੂਰਾ ਦੇ ਐਸਐਚਓ ਇੰਸਪੈਕਟਰ ਚਮਕੌਰ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਭੁਪਿੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਸੂਚਨਾ ਦੇ ਆਧਾਰ ਤੇ ਗੁਰੂ ਤੇਗ ਬਹਾਦਰ ਨਗਰ ਨੇੜੇ ਛਾਪਾ ਮਾਰਿਆ ਤੇ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦ ਉਹ ਲੁੱਟ ਦੀ ਵਾਰਦਾਤ ਦੀ ਤਿਆਰੀ ਕਰ ਰਹੇ ਸਨ।
ਪੁਲਿਸ ਨੇ ਬਰਾਮਦ ਕੀਤੇ ਤੇਜ਼ਧਾਰ ਹਥਿਆਰ
ਗ੍ਰਿਫ਼ਤਾਰ ਗੁਰਗਿਆਂ ਕੋਲੋਂ ਪੁਲਿਸ ਨੇ ਦੋ ਖੰਡੇ, ਇੱਕ ਗਰਾਰੀ ਵਾਲੀ ਰਾਡ, ਇੱਕ ਕਾਪਾ ਅਤੇ ਇੱਕ ਸੱਬਲ ਬਰਾਮਦ ਕੀਤੇ ਹਨ। ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪੰਜਾਂ ਵਿੱਚੋਂ ਤਿੰਨ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਵੀ ਪੰਜ ਕੇਸ ਦਰਜ ਹਨ। ਪੁਲਿਸ ਹੁਣ ਇਨ੍ਹਾਂ ਨੂੰ ਅਦਾਲਤ ਤੋਂ ਰਿਮਾਂਡ ‘ਤੇ ਲੈਕੇ ਹੋਰ ਪੁੱਛਗਿੱਛ ਕਰੇਗੀ, ਤਾਂ ਜੋ ਉਨ੍ਹਾਂ ਦੇ ਪਿੱਛੇ ਦੇ ਗਿਰੋਹ ਤੇ ਹੋਰ ਸਾਜ਼ਿਸ਼ਾਂ ਦਾ ਖ਼ੁਲਾਸਾ ਕੀਤਾ ਜਾ ਸਕੇ।