ਤਰਣਤਾਰਨ :- ਤਰਣਤਾਰਨ ਉਪਚੁਣਾਅ ਦੌਰਾਨ ਦਰਜ ਹੋਏ ਇੱਕ ਸੰਵੇਦਨਸ਼ੀਲ ਕੇਸ ਨੇ ਪੰਜਾਬ ਪੁਲਿਸ ਦੇ ਦੋ ਹੋਰ ਅਧਿਕਾਰੀਆਂ ਦੀ ਕੁਰਸੀ ਹਿਲਾ ਦਿੱਤੀ ਹੈ। SSP ਦੇ ਨਿਲੰਬਨ ਤੋਂ ਬਾਅਦ ਹੁਣ DSP (ਡਿਟੈਕਟਿਵ) ਹਰਜਿੰਦਰ ਸਿੰਘ ਅਤੇ DSP (PBI) ਗੁਲਜ਼ਾਰ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਉਸ ਵਕ਼ਤ ਲਿਆ ਗਿਆ ਜਦੋਂ ਦੋਵੇਂ ਅਧਿਕਾਰੀ ਹਾਈਕੋਰਟ ਦੇ ਸਾਹਮਣੇ ਅਕਾਲੀ ਉਮੀਦਵਾਰ ਦੀ ਧੀ ਅਤੇ ਪਾਰਟੀ ਦੇ IT ਵਿੰਗ ਇੰਚਾਰਜ ‘ਤੇ ਦਰਜ ਕੇਸ ਨੂੰ ਲੈ ਕੇ ਕੋਈ ਠੋਸ ਜਵਾਬ ਨਾ ਦੇ ਸਕੇ।
DGP ਦੀ ਚੋਣ ਕਮਿਸ਼ਨ ਅੱਗੇ ਪੇਸ਼ੀ ਤੋਂ ਬਾਅਦ ਤੁਰੰਤ ਹੁਕਮ
ਮੰਗਲਵਾਰ ਨੂੰ DGP ਗੌਰਵ ਯਾਦਵ ਨਵੀਂ ਦਿੱਲੀ ਵਿੱਚ ਚੋਣ ਕਮਿਸ਼ਨ ਅੱਗੇ ਹਾਜ਼ਰ ਹੋਏ ਸਨ। ਇਸ ਮੀਟਿੰਗ ਤੋਂ ਬਾਅਦ ਹੀ ਦੋਵੇਂ DSP’s ਦੇ ਸਸਪੈਂਸ਼ਨ ਆਰਡਰ ਜਾਰੀ ਕਰ ਦਿੱਤੇ ਗਏ। ਇਸ ਤੋਂ ਕੁਝ ਦਿਨ ਪਹਿਲਾਂ ਹੀ ਚੋਣ ਕਮਿਸ਼ਨ ਨੇ ਤਰਣਤਾਰਨ ਦੀ SSP ਰਵਜੋਤ ਕੌਰ ਗਰੇਵਾਲ ਨੂੰ ਵੀ ਡਿਊਟੀ ‘ਚ ਲਾਪਰਵਾਹੀ ਦੇ ਦੋਸ਼ਾਂ ‘ਤੇ ਅਸਥਾਈ ਤੌਰ ਤੇ ਹਟਾ ਦਿੱਤਾ ਸੀ।
ਚੋਣ ਦੌਰਾਨ ਕਿਹੜਾ ਕੇਸ ਬਣਿਆ ਮੁੱਦਾ?
ਤਰਣਤਾਰਨ ਪੁਲਿਸ ਨੇ ਉਪਚੁਣਾਅ ਦੌਰਾਨ ਅਕਾਲੀ ਉਮੀਦਵਾਰ ਸੁਖਜਿੰਦਰ ਕੌਰ ਰੰਧਾਵਾ ਦੀ ਧੀ ਕੰਜਨਪ੍ਰੀਤ ਕੌਰ ਅਤੇ ਅਕਾਲੀ ਦਲ ਦੇ IT ਵਿੰਗ ਇੰਚਾਰਜ ਨੱਛਤਰ ਸਿੰਘ ਗਿਲ ਸਮੇਤ 25 ਲੋਕਾਂ ‘ਤੇ ਕੇਸ ਦਰਜ ਕੀਤਾ ਸੀ। ਇਸੇ ਕੇਸ ‘ਚ ਤਰਣਤਾਰਨ ਪੁਲਿਸ ਨੇ ਨੱਛਤਰ ਗਿਲ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ, ਪਰ ਹਾਈਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਪੁਲਿਸ ਤੋਂ ਗਿਲ ਦੀ ਗ੍ਰਿਫ਼ਤਾਰੀ ਬਾਰੇ ਮਜ਼ਬੂਤ ਜਵਾਬ ਮੰਗਿਆ ਸੀ, ਜੋ ਪੁਲਿਸ ਪੇਸ਼ ਨਹੀਂ ਕਰ ਸਕੀ। ਪੁਲਿਸ ਸੂਤਰਾਂ ਮੁਤਾਬਕ, ਜ਼ਮਾਨਤ ਮਿਲਣ ਦਾ ਸਭ ਤੋਂ ਵੱਡਾ ਕਾਰਨ ਪੁਲਿਸ ਵੱਲੋਂ ਜਸਟੀਫਿਕੇਸ਼ਨ ਦੀ ਕਮੀ ਸੀ, ਜਿਸ ਕਾਰਨ ਕੇਸ ਦੀ ਮਜ਼ਬੂਤੀ ‘ਤੇ ਸਵਾਲ ਖੜ੍ਹੇ ਹੋਏ।

