ਨਵੀਂ ਦਿੱਲੀ :- ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਸੁਸਾਈਡ ਕਾਰ ਧਮਾਕੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੂੰ ਬੁੱਧਵਾਰ ਨੂੰ ਇੱਕ ਹੋਰ ਅਹਿਮ ਸਫ਼ਲਤਾ ਮਿਲੀ। ਏਜੰਸੀ ਨੇ ਹਰਿਆਣਾ ਦੇ ਫਰੀਦਾਬਾਦ ਤੋਂ ਸ਼ੋਏਬ ਨਾਂ ਦੇ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਅੱਤਵਾਦੀ ਨੈਟਵਰਕ ਦਾ 7ਵਾਂ ਗਿਰਫ਼ਤਾਰ ਕੀਤਾ ਗਿਆ ਮੈਂਬਰ ਹੈ। ਸ਼ੁਰੂਆਤੀ ਜਾਂਚ ਮੁਤਾਬਕ ਸ਼ੋਏਬ ਨੇ ਧਮਾਕੇ ਤੋਂ ਠੀਕ ਪਹਿਲਾਂ ਫਿਦਾਈਨ ਹਮਲਾਵਰ ਉਮਰ ਉਨ ਨਬੀ ਨੂੰ ਰਹਿਣ ਲਈ ਸੁਰੱਖਿਅਤ ਥਾਂ ਦਿੱਤੀ ਸੀ ਅਤੇ ਉਸਨੂੰ ਹਰ ਤਰ੍ਹਾਂ ਦਾ ਲੌਜਿਸਟਿਕ ਸਹਿਯੋਗ ਮੁਹੱਈਆ ਕਰਵਾਇਆ ਸੀ।
ਧੌਜ ਇਲਾਕੇ ‘ਚ ਛਾਪਾ, ਕਾਫ਼ੀ ਸਮੇਂ ਤੋਂ ਫਰਾਰ ਸੀ ਸ਼ੋਏਬ
ਐਨਆਈਏ ਨੇ ਦੱਸਿਆ ਕਿ ਸ਼ੋਏਬ ਫਰੀਦਾਬਾਦ ਦੇ ਧੌਜ ਇਲਾਕੇ ਦਾ ਬਸਨੀਕ ਹੈ, ਜੋ 10 ਨਵੰਬਰ ਨੂੰ ਬਲਾਸਟ ਵਾਪਰਨ ਤੋਂ ਬਾਅਦ ਤੋਂ ਹੀ ਗਾਇਬ ਚੱਲ ਰਿਹਾ ਸੀ। ਏਜੰਸੀ ਦੀ ਨਜ਼ਰ ਜਦੋਂ ਉਸ ‘ਤੇ ਗਈ, ਤਾਂ ਪਤਾ ਲੱਗਿਆ ਕਿ ਉਮਰ ਦੇ ਦਿੱਲੀ ‘ਚ ਦਾਖਲ ਹੋਣ ਤੋਂ ਲੈਕੇ ਯੋਜਨਾ ਨੂੰ ਅਮਲ ਵਿਚ ਲਿਆਉਣ ਤੱਕ ਸ਼ੋਏਬ ਨੇ ਉਸ ਦੀ ਬੜੀ ਮਦਦ ਕੀਤੀ।ਲੌਜਿਸਟਿਕ ਸਹਾਇਤਾ ਤੋਂ ਇਲਾਵਾ ਉਸਨੇ ਉਮਰ ਦੇ ਆਉਣ–ਜਾਣ ਦੇ ਰਸਤੇ, ਛੁਪਣ ਦੀ ਥਾਂ ਅਤੇ ਜ਼ਰੂਰੀ ਸਮਾਨ ਦੀ ਵ੍ਯਵਸਥਾ ਵੀ ਕੀਤੀ ਸੀ।
ਸਾਜ਼ਿਸ਼ ਦੀਆਂ ਪਰਤਾਂ ਖੁਲ੍ਹ ਰਹੀਆਂ, ਮਾਡਿਊਲ ਦੇ 7 ਮੈਂਬਰ ਹਿਰਾਸਤ ‘ਚ
NIA ਨੇ ਇਸ ਤੋਂ ਪਹਿਲਾਂ ਉਮਰ ਦੇ 6 ਨਜ਼ਦੀਕੀ ਸਾਥੀਆਂ ਨੂੰ ਕਾਬੂ ਕੀਤਾ ਸੀ, ਜੋ ਇਸ ਟੈਰਰ ਮਾਡਿਊਲ ਦਾ ਹਿੱਸਾ ਸਨ। ਸ਼ੋਏਬ ਦੀ ਗ੍ਰਿਫ਼ਤਾਰੀ ਨਾਲ ਹੁਣ ਏਜੰਸੀ ਦੇ ਹੱਥ ਇੱਕ ਹੋਰ ਮਹੱਤਵਪੂਰਨ ਲੀਡ ਲੱਗੀ ਹੈ। ਦਿੱਲੀ, ਹਰਿਆਣਾ, ਯੂਪੀ ਸਮੇਤ ਕਈ ਰਾਜਾਂ ‘ਚ ਏਜੰਸੀ ਦੀ ਛਾਪੇਮਾਰੀ ਜਾਰੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਸ ਧਮਾਕੇ ਦੀ ਸਾਜ਼ਿਸ਼ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ ਅਤੇ ਨੈੱਟਵਰਕ ਕਿਹੜੇ-ਕਿਹੜੇ ਖੇਤਰਾਂ ਵਿਚ ਫੈਲਿਆ ਹੋਇਆ ਹੈ।
ਏਜੰਸੀ ਦਾ ਟਾਰਗੇਟ – ਪੂਰਾ ਨੈਟਵਰਕ ਤਬਾਹ ਕਰਨਾ
ਐਨਆਈਏ ਦੇ ਅਧਿਕਾਰੀਆਂ ਮੁਤਾਬਕ ਬਲਾਸਟ ਦੀ ਯੋਜਨਾ ਕਾਫ਼ੀ ਸੁਚਾਰੇ ਤਰੀਕੇ ਨਾਲ ਤਿਆਰ ਕੀਤੀ ਗਈ ਸੀ। ਏਜੰਸੀ ਇਸ ਸਮੇਂ ਹਰ ਉਸ ਸ਼ਖ਼ਸ ਦੀ ਭਾਲ ਕਰ ਰਹੀ ਹੈ ਜੋ ਉਮਰ ਉਨ ਨਬੀ ਨੂੰ ਸਾਂਝ, ਸਹਿਯੋਗ ਜਾਂ ਓਟ ਮੁਹੱਈਆ ਕਰ ਰਿਹਾ ਸੀ। ਸ਼ੋਏਬ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਹੈ ਅਤੇ ਅਨੁਮਾਨ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।

