ਲੁਧਿਆਣਾ :- ਸ਼ਹਿਰ ਦੇ ਗੁਰੂ ਅਰਜਨ ਦੇਵ ਨਗਰ ਇਲਾਕੇ ’ਚ ਦੋ ਨਾਬਾਲਿਗ ਭਰਾਵਾਂ ਦੇ ਅਚਾਨਕ ਲਾਪਤਾ ਹੋ ਜਾਣ ਨਾਲ ਖੇਤਰ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪਰਿਵਾਰ ਅਨੁਸਾਰ ਦੋਵੇਂ ਬੱਚੇ ਰੋਜ਼ਾਨਾ ਵਾਂਗ ਟਿਊਸ਼ਨ ਕਲਾਸ ਲਈ ਨਿਕਲੇ ਸਨ, ਪਰ ਸ਼ਾਮ ਤੱਕ ਘਰ ਨਹੀਂ ਪਰਤੇ। ਪਰਿਵਾਰ ਵੱਲੋਂ ਆਪਣੀ ਤਰਫੋਂ ਕੀਤੀ ਖੋਜ ਬੇਅਸਰ ਰਹੀ, ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਸੀਸੀਟੀਵੀ ਫੁਟੇਜ ਨੇ ਵਧਾਈ ਉਲਝਣ
ਘਟਨਾ ਤੋਂ ਬਾਅਦ ਸਾਹਮਣੇ ਆਈ ਇੱਕ ਸੀਸੀਟੀਵੀ ਫੁਟੇਜ ਵਿੱਚ ਦੋਵੇਂ ਬੱਚੇ ਇੱਕਠੇ ਤੁਰਦੇ ਹੋਏ ਦਿਖਾਈ ਦੇ ਰਹੇ ਹਨ। ਫੁਟੇਜ ਵਿੱਚ ਉਨ੍ਹਾਂ ਦੀ ਮੂਵਮੈਂਟ ਨਾਰਮਲ ਲੱਗ ਰਹੀ ਹੈ, ਜਿਸ ਕਰਕੇ ਮਾਮਲਾ ਹੋਰ ਵੀ ਪੇਚੀਦਾ ਹੋ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬੱਚਿਆਂ ਦੇ ਘਰ ਨਾ ਪਰਤਣ ਤੋਂ ਬਾਅਦ ਉਹਨਾਂ ਨੇ ਇਲਾਕੇ ’ਚ ਹਰ ਥਾਂ ਧੱਕੇ ਖਾਧੇ, ਪਰ ਕੋਈ ਹੱਥ ਨਹੀਂ ਲੱਗਾ।
24 ਘੰਟੇ ਬਾਅਦ ਵੀ ਕੋਈ ਪਤਾ ਨਹੀਂ
ਦੋਵੇਂ ਟਿਊਸ਼ਨ ਲਈ ਗਏ ਸਨ ਅਤੇ ਕੁਝ ਘੰਟਿਆਂ ਵਿੱਚ ਘਰ ਵਾਪਸ ਆ ਜਾਣਾ ਸੀ। ਪਰ ਇੱਕ ਦਿਨ ਤੋਂ ਵੱਧ ਸਮਾਂ ਬੀਤਣ ਮਗਰੋਂ ਵੀ ਕੋਈ ਸਰਾਗ ਨਾ ਮਿਲਣ ਕਰਕੇ ਪਰਿਵਾਰ ਤਬਾਹ ਹਾਲਤ ਵਿੱਚ ਹੈ। ਮਾਂ ਡਿਵੀਜ਼ਨ ਨੰਬਰ 7 ਥਾਣੇ ਵਿੱਚ ਬੈਠੀ ਆਪਣੇ ਬੱਚਿਆਂ ਦੀ ਵਾਪਸੀ ਦੀ ਉਡੀਕ ਕਰ ਰਹੀ ਹੈ।
ਪੁਲਿਸ ਵੱਲੋਂ ਵੱਡੇ ਪੱਧਰ ’ਤੇ ਜਾਂਚ ਸ਼ੁਰੂ
ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਵੱਖ-ਵੱਖ ਬਿੰਦੂਆਂ ਤੋਂ ਸੀਸੀਟੀਵੀ ਕੈਮਰਿਆਂ ਦੀਆਂ ਰਿਕਾਰਡਿੰਗਜ਼ ਖੰਗਾਲੀਆਂ ਜਾ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਦੇ ਅਖੀਰਲੇ ਸਪਾਟ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਜਾਰੀ ਹੈ ਅਤੇ ਹਰੇਕ ਸੰਭਾਵਨਾ ਦੀ ਜਾਂਚ ਹੋ ਰਹੀ ਹੈ।

