ਲੁਧਿਆਣਾ :- ਪੰਜਾਬ ਲਈ ਮਾਣ ਵਾਲੀ ਘੜੀ ਉਸ ਵੇਲੇ ਬਣੀ, ਜਦੋਂ ਲੁਧਿਆਣਾ ਨਾਲ ਸਬੰਧਤ ਪ੍ਰਸਿੱਧ ਸਾਈਬਰ ਸੁਰੱਖਿਆ ਵਿਦਵਾਨ ਅਤੇ “ਭਾਰਤ ਦੇ ਮਾਰਕ ਜ਼ੁਕਰਬਰਗ” ਵਜੋਂ ਜਾਣੇ ਜਾਂਦੇ ਤ੍ਰਿਸ਼ਹਨੀਤ ਅਰੋੜਾ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕੀਤੀ। Hurun India ਅਤੇ Avendus Wealth ਵੱਲੋਂ ਜਾਰੀ ਕੀਤੀ ਗਈ Hurun India Uth Series 2025 ਵਿੱਚ ਉਨ੍ਹਾਂ ਨੂੰ ਦੇਸ਼ ਦੇ “ਟਾਪ 1000 ਅਮੀਰ ਵਿਅਕਤੀਆਂ” ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਨਵੀਨ ਸੋਚ ਅਤੇ ਗਲੋਬਲ ਯੋਗਦਾਨ ਦੀ ਮਿਲੀ ਮਾਨਤਾ
ਇਹ ਸਨਮਾਨ ਤ੍ਰਿਸ਼ਹਨੀਤ ਅਰੋੜਾ ਦੀ ਉਦਯੋਗਿਕ ਦੂਰਦਰਸ਼ਤਾ, ਟੈਕਨੋਲੋਜੀ ਖੇਤਰ ’ਚ ਨਵੀਂ ਸੋਚ ਅਤੇ ਵਿਸ਼ਵ ਪੱਧਰ ’ਤੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਯੋਗਦਾਨ ਨੂੰ ਦੇਖਦਿਆਂ ਦਿੱਤਾ ਗਿਆ ਹੈ। ਨੌਜਵਾਨ ਉਮਰ ਵਿੱਚ ਹੀ ਉਨ੍ਹਾਂ ਨੇ ਭਾਰਤ ਨੂੰ ਡਿਜ਼ੀਟਲ ਸੁਰੱਖਿਆ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਪਹਿਚਾਣ ਦਿਵਾਈ ਹੈ।
30 ਸਾਲ ਦੀ ਉਮਰ ’ਚ 1820 ਕਰੋੜ ਦੀ ਜਾਇਦਾਦ
ਸਿਰਫ਼ 30 ਸਾਲ ਦੀ ਉਮਰ ਵਿੱਚ ਤ੍ਰਿਸ਼ਹਨੀਤ ਅਰੋੜਾ ਲਗਭਗ 1820 ਕਰੋੜ ਰੁਪਏ ਦੀ ਨਿੱਜੀ ਸੰਪੱਤੀ ਦੇ ਮਾਲਕ ਬਣ ਚੁੱਕੇ ਹਨ। ਇਸ ਉਪਲਬਧੀ ਨਾਲ ਉਹ ਭਾਰਤ ਦੇ ਪੰਜਵੇਂ ਸਭ ਤੋਂ ਅਮੀਰ ਯੂਵਾ ਉਦਯੋਗਪਤੀ ਅਤੇ ਪੰਜਾਬ ਦੇ ਸਭ ਤੋਂ ਨੌਜਵਾਨ ਅਮੀਰ ਵਿਅਕਤੀ ਵਜੋਂ ਉਭਰੇ ਹਨ।
Hurun India Uth Series 2025 ਦੀ ਤਸਵੀਰ
Hurun India Uth Series 2025 ਵਿੱਚ ਦੇਸ਼ ਭਰ ਤੋਂ 30, 35 ਅਤੇ 40 ਸਾਲ ਤੋਂ ਘੱਟ ਉਮਰ ਦੇ 436 ਤੋਂ ਵੱਧ ਉਭਰਦੇ ਲੀਡਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੀਆਂ ਕੰਪਨੀਆਂ ਦੀ ਕੁੱਲ ਵੈਲਯੂਏਸ਼ਨ 950 ਅਰਬ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ, ਜੋ ਇਹ ਸਾਬਤ ਕਰਦੀ ਹੈ ਕਿ ਭਾਰਤ ਦੀ ਅਰਥਵਿਵਸਥਾ ਨੌਜਵਾਨ ਉਦਯੋਗਪਤੀਆਂ ਦੀ ਅਗਵਾਈ ਹੇਠ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।
ਦੇਸ਼ ਦੇ ਹੋਰ ਪ੍ਰਸਿੱਧ ਨਾਂ ਵੀ ਸੂਚੀ ’ਚ
ਇਸ ਸੂਚੀ ਵਿੱਚ Zerodha ਦੇ ਕੋ-ਫਾਊਂਡਰ ਨਿਖਿਲ ਕਾਮਥ ਅਤੇ Mamaearth ਦੀ ਕੋ-ਫਾਊਂਡਰ ਗ਼ਜ਼ਲ ਅਲਾਘ ਵਰਗੇ ਪ੍ਰਸਿੱਧ ਉਦਯੋਗਪਤੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਖੇਤਰਾਂ ਵਿੱਚ ਨਵਾਂ ਮਿਆਰ ਕਾਇਮ ਕੀਤਾ ਹੈ।
ਲੁਧਿਆਣਾ ਤੋਂ ਗਲੋਬਲ ਪਛਾਣ ਤੱਕ ਦਾ ਸਫ਼ਰ:
ਲੁਧਿਆਣਾ ਜਨਮੇ ਤ੍ਰਿਸ਼ਹਨੀਤ ਅਰੋੜਾ ਦੀ ਇਹ ਉਪਲਬਧੀ ਸਿਰਫ਼ ਇੱਕ ਵਿਅਕਤੀ ਦੀ ਕਾਮਯਾਬੀ ਨਹੀਂ, ਸਗੋਂ ਪੰਜਾਬ ਦੀ ਯੁਵਾ ਤਾਕਤ, ਭਾਰਤ ਦੀ ਨਵੀਨ ਸੋਚ ਅਤੇ ਭਵਿੱਖ ਦੇ ਗਲੋਬਲ ਲੀਡਰਸ਼ਿਪ ਦੀ ਮਜ਼ਬੂਤ ਝਲਕ ਹੈ।

