ਲੁਧਿਆਣਾ :- ਲੁਧਿਆਣਾ ਵਿੱਚ ਲਗਾਤਾਰ ਹੋ ਰਹੇ ਇੱਕ ਤੋਂ ਬਾਅਦ ਇੱਕ ਧਮਾਕਿਆਂ ਨੇ ਸ਼ਹਿਰ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਬੀਤੀ ਰਾਤ ਵੇਰਕਾ ਮਿਲਕ ਪਲਾਂਟ ਵਿੱਚ ਹੋਏ ਧਮਾਕੇ ਦੀ ਗੂੰਜ ਅਜੇ ਠੰਡੀ ਨਹੀਂ ਪਈ ਸੀ ਕਿ ਹੁਣ ਚੀਮਾ ਚੌਕ ਦੇ ਨੇੜੇ ਸਥਿਤ ਇੰਦਰਾ ਕਾਲੋਨੀ ਵਿੱਚ ਇਕ ਪਟਾਕਾ ਫੈਕਟਰੀ ਵਿੱਚ ਵੀ ਤਗੜਾ ਬਲਾਸਟ ਹੋ ਗਿਆ।
ਅੱਠ ਮਜ਼ਦੂਰ ਗੰਭੀਰ ਤੌਰ ‘ਤੇ ਜ਼ਖ਼ਮੀ
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦੂਰ ਦੂਰ ਤੱਕ ਘਰ ਕੰਬ ਗਏ ਅਤੇ ਸਥਾਨਕ ਰਿਹਾਇਸ਼ੀਆਂ ਵਿੱਚ ਘਬਰਾਹਟ ਫੈਲ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਫੈਕਟਰੀ ਦੇ ਅੱਠ ਮਜ਼ਦੂਰ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਜਾਰੀ ਹੈ।
ਫੈਕਟਰੀ ਸੀਲ
ਧਮਾਕੇ ਬਾਰੇ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ। ਫੈਕਟਰੀ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਹੈ ਅਤੇ ਮੌਕੇ ਦੀ ਜਾਂਚ ਫੋਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਹੈ।
ਫੈਕਟਰੀ ਅੰਦਰ ਵੱਡੀ ਮਾਤਰਾ ਵਿੱਚ ਪੋਟਾਸ
ਸੂਤਰਾਂ ਅਨੁਸਾਰ, ਫੈਕਟਰੀ ਅੰਦਰ ਵੱਡੀ ਮਾਤਰਾ ਵਿੱਚ ਪੋਟਾਸ (Potassium Nitrate) ਜਮਾਂ ਸੀ, ਜਿਸ ਕਾਰਨ ਵਿਸਫੋਟ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਧਮਾਕੇ ਦੇ ਪੱਕੇ ਕਾਰਨ ਬਾਰੇ ਅਜੇ ਸਰਕਾਰੀ ਤਸਦੀਕ ਬਾਕੀ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਇੰਨੀ ਭਿਆਨਕ ਸੀ ਕਿ ਕੁਝ ਸਮੇਂ ਲਈ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਕਈਆਂ ਨੇ ਫੈਕਟਰੀ ਦੇ ਅੰਦਰੋਂ ਚੀਕਾਂ ਦੀ ਆਵਾਜ਼ ਵੀ ਸੁਣੀ।