ਜਲੰਧਰ :- ਸਾਬਕਾ ਸੰਸਦ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਅੰਤਿਮ ਅਰਦਾਸ ਅੱਜ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਹੋਈ। 13 ਸਤੰਬਰ ਨੂੰ ਸੜਕ ਹਾਦਸੇ ਵਿੱਚ ਰਿੱਚੀ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਕਾਰਨ ਪਰਿਵਾਰ ਅਤੇ ਸਥਾਨਕ ਵਸਨੀਕ ਗਹਿਰੇ ਸਦਮੇ ਵਿੱਚ ਹਨ।
ਧਾਰਮਿਕ ਰਸਮਾਂ ਅਤੇ ਅਰਦਾਸ
ਰਿੱਚੀ ਕੇਪੀ ਲਈ ਅੰਤਿਮ ਅਰਦਾਸ ਦੁਪਹਿਰ 12 ਵਜੇ ਸ਼ੁਰੂ ਹੋਈ। ਪਹਿਲਾਂ ਪਾਠ ਹੋਇਆ ਜੋ ਲਗਭਗ ਇੱਕ ਵਜੇ ਤੱਕ ਚੱਲਿਆ, ਇਸ ਤੋਂ ਬਾਅਦ ਅਰਦਾਸ ਦੀ ਰਸਮ ਅਦਾ ਕੀਤੀ ਗਈ। ਵੱਡੀ ਗਿਣਤੀ ਵਿੱਚ ਲੋਕ ਗੁਰਦੁਆਰੇ ਸਾਹਿਬ ਪਹੁੰਚੇ ਅਤੇ ਪਰਿਵਾਰ ਨੂੰ ਦੁੱਖ-ਸੰਵੇਦਨਾਵਾਂ ਪ੍ਰਗਟ ਕੀਤੀਆਂ।
ਰਾਜਨੀਤਿਕ ਤੇ ਸਮਾਜਿਕ ਹਸਤੀਆਂ ਦੀ ਹਾਜ਼ਰੀ
ਅੰਤਿਮ ਅਰਦਾਸ ਮੌਕੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ, ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸੀ ਵਿਧਾਇਕ ਪਰਗਟ ਸਿੰਘ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਸੰਸਦ ਮੈਂਬਰ ਅਤੇ ਸੂਫ਼ੀ ਗਾਇਕ ਹੰਸ ਰਾਜ ਹੰਸ ਸਮੇਤ ਕਈ ਵੱਡੀਆਂ ਰਾਜਨੀਤਿਕ ਤੇ ਧਾਰਮਿਕ ਹਸਤੀਆਂ ਮੌਜੂਦ ਰਹੀਆਂ।
ਹਾਦਸੇ ਦੀ ਜਾਂਚ ਜਾਰੀ
ਜ਼ਿਕਰਯੋਗ ਹੈ ਕਿ,13 ਸਤੰਬਰ ਨੂੰ ਮਾਡਲ ਟਾਊਨ ਨੇੜੇ ਰਿੱਚੀ ਕੇਪੀ ਆਪਣੀ ਫਾਰਚੂਨਰ ਕਾਰ ਰਾਹੀਂ ਘਰ ਵਾਪਸ ਜਾ ਰਿਹਾ ਸੀ। ਜਦੋਂ ਉਹ ਡਬਲ ਸ਼ਾਟ ਕੈਫੇ ਦੇ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਕ੍ਰੇਟਾ ਕਾਰ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ। ਕ੍ਰੇਟਾ ਕਾਰ ਨੂੰ ਪ੍ਰਿੰਸ ਚਲਾ ਰਿਹਾ ਸੀ, ਜੋ ਸ਼ੇਖਾ ਬਾਜ਼ਾਰ ਦਾ ਕੱਪੜਾ ਕਾਰੋਬਾਰੀ ਅਤੇ ਜੀਟੀਬੀ ਨਗਰ ਦਾ ਰਹਿਣ ਵਾਲਾ ਹੈ। ਹਾਦਸੇ ਤੋਂ ਬਾਅਦ ਪ੍ਰਿੰਸ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਵੱਲੋਂ ਉਸ ਦੀ ਤਲਾਸ਼ ਜਾਰੀ ਹੈ।