ਲੁਧਿਆਣਾ :- ਪੰਜਾਬ ਦੇ ਬਾਡੀ ਬਿਲਡਿੰਗ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਨਾਲ ਸਬੰਧਤ ਨੌਜਵਾਨ ਬਾਡੀ ਬਿਲਡਰ ਸੁਖਵੀਰ ਸਿੰਘ ਦੀ ਲਿਫਟਿੰਗ ਪ੍ਰਤੀਯੋਗਤਾ ਦੌਰਾਨ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ। ਇਸ ਘਟਨਾ ਨਾਲ ਖੇਡ ਜਗਤ ਸਮੇਤ ਉਸਦੇ ਪਰਿਵਾਰ ਅਤੇ ਦੋਸਤਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ, ਫਿਰ ਅਚਾਨਕ ਦਰਦ
ਮਿਲੀ ਜਾਣਕਾਰੀ ਅਨੁਸਾਰ, ਸੁਖਵੀਰ ਸਿੰਘ ਐਤਵਾਰ ਨੂੰ ਲੁਧਿਆਣਾ ਵਿੱਚ ਹੋਈ ਇੱਕ ਪਾਵਰ ਲਿਫਟਿੰਗ ਪ੍ਰਤੀਯੋਗਤਾ ਵਿੱਚ ਭਾਗ ਲੈਣ ਪਹੁੰਚਿਆ ਸੀ। ਮੁਕਾਬਲੇ ਦੌਰਾਨ ਉਸ ਨੇ ਪਹਿਲਾਂ 150 ਕਿੱਲੋਗ੍ਰਾਮ ਬੈਂਚ ਪ੍ਰੈਸ ਸਫ਼ਲਤਾਪੂਰਵਕ ਕੀਤਾ ਅਤੇ ਇਸ ਤੋਂ ਬਾਅਦ 350 ਕਿੱਲੋਗ੍ਰਾਮ ਡੈਡਲਿਫਟ ਵਿੱਚ ਵੀ ਬਾਜ਼ੀ ਮਾਰ ਲਈ। ਪਰ ਮੁਕਾਬਲਾ ਮੁਕੰਮਲ ਕਰਨ ਤੋਂ ਕੁਝ ਹੀ ਸਮੇਂ ਬਾਅਦ ਉਸ ਨੂੰ ਛਾਤੀ ਵਿੱਚ ਅਚਾਨਕ ਤੇਜ਼ ਦਰਦ ਮਹਿਸੂਸ ਹੋਇਆ।
ਕਾਰ ਵਿੱਚ ਆਰਾਮ ਕਰਨ ਲੱਗਿਆ, ਜ਼ਮੀਨ ‘ਤੇ ਡਿੱਗ ਪਿਆ
ਦਰਦ ਵਧਣ ਕਾਰਨ ਸੁਖਵੀਰ ਸਿੰਘ ਮੁਕਾਬਲੇ ਵਾਲੀ ਥਾਂ ਤੋਂ ਨਿਕਲ ਕੇ ਆਪਣੀ ਕਾਰ ਵੱਲ ਗਿਆ ਤਾਂ ਜੋ ਕੁਝ ਸਮਾਂ ਆਰਾਮ ਕਰ ਸਕੇ, ਪਰ ਕਾਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਅਚਾਨਕ ਡਿੱਗ ਪਿਆ। ਮੌਕੇ ‘ਤੇ ਮੌਜੂਦ ਸਾਥੀਆਂ ਅਤੇ ਦੋਸਤਾਂ ਨੇ ਤੁਰੰਤ ਉਸ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ।
ਹਸਪਤਾਲ ‘ਚ ਮ੍ਰਿਤਕ ਘੋਸ਼ਿਤ
ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਜਾਂਚ ਉਪਰੰਤ ਸੁਖਵੀਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਡਾਕਟਰਾਂ ਮੁਤਾਬਕ, ਮੌਤ ਦਾ ਕਾਰਨ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਹੈ। ਨੌਜਵਾਨ ਦੀ ਅਚਾਨਕ ਮੌਤ ਨਾਲ ਹਸਪਤਾਲ ਵਿੱਚ ਮਾਹੌਲ ਗ਼ਮਗੀਨ ਹੋ ਗਿਆ।
28 ਸਾਲ ਦੀ ਉਮਰ, ਜਿਮ ਚਲਾਉਂਦਾ ਸੀ ਨੌਜਵਾਨ
ਸੁਖਵੀਰ ਸਿੰਘ ਦੀ ਉਮਰ ਕਰੀਬ 28 ਸਾਲ ਦੱਸੀ ਜਾ ਰਹੀ ਹੈ। ਉਹ ਮੂਲ ਤੌਰ ‘ਤੇ ਬਲਾਚੌਰ ਨਾਲ ਸਬੰਧਤ ਸੀ ਅਤੇ ਲੁਧਿਆਣਾ ਵਿੱਚ ਰਹਿ ਕੇ ਆਪਣਾ ਜਿਮ ਵੀ ਚਲਾਉਂਦਾ ਸੀ। ਫਿਟਨੈਸ ਅਤੇ ਬਾਡੀ ਬਿਲਡਿੰਗ ਦੇ ਖੇਤਰ ਵਿੱਚ ਉਹ ਨੌਜਵਾਨਾਂ ਲਈ ਪ੍ਰੇਰਣਾ ਮੰਨਿਆ ਜਾਂਦਾ ਸੀ।

