ਲੁਧਿਆਣਾ :- ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਇੱਕ ਵਾਰ ਫਿਰ ਧਮਕੀ ਭਰੀ ਈਮੇਲ ਆਉਣ ਨਾਲ ਪ੍ਰਸ਼ਾਸਨਿਕ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ 14 ਜਨਵਰੀ ਨੂੰ ਕੋਰਟ ਦੇ ਅਧਿਕਾਰਿਕ ਈਮੇਲ ਪਤੇ ’ਤੇ ਇੱਕ ਸ਼ੱਕੀ ਸੁਨੇਹਾ ਪ੍ਰਾਪਤ ਹੋਇਆ, ਜਿਸ ਤੋਂ ਬਾਅਦ ਤੁਰੰਤ ਅਲਰਟ ਜਾਰੀ ਕਰ ਦਿੱਤਾ ਗਿਆ।
ਪਹਿਲਾਂ ਵੀ ਆ ਚੁੱਕੀ ਹੈ ਐਸੀ ਧਮਕੀ
ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਵੀ ਕੋਟ ਕੰਪਲੈਕਸ ਨੂੰ ਈਮੇਲ ਰਾਹੀਂ ਧਮਕੀ ਮਿਲੀ ਸੀ। ਉਸ ਸਮੇਂ ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਸੀ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਮੌਕ ਡ੍ਰਿੱਲ ਕੀਤੀ ਜਾ ਰਹੀ ਹੈ। ਹੁਣ ਮੁੜ ਇਸ ਤਰ੍ਹਾਂ ਦਾ ਸੁਨੇਹਾ ਮਿਲਣ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ ਹੈ।
ਕੋਰਟ ਅੰਦਰ ਦਾਖ਼ਲੇ ’ਤੇ ਸਖ਼ਤੀ
ਧਮਕੀ ਦੇ ਮੱਦੇਨਜ਼ਰ ਪੁਲਿਸ ਅਤੇ ਪ੍ਰਸ਼ਾਸਨ ਨੇ ਕੋਟ ਕੰਪਲੈਕਸ ਦੀ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਹੈ। ਕੋਰਟ ਅੰਦਰ ਸਿਰਫ਼ ਵਕੀਲਾਂ ਨੂੰ ਹੀ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਦਕਿ ਆਮ ਲੋਕਾਂ ਦੀ ਐਂਟਰੀ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਗਈ ਹੈ। ਹਰ ਆਉਣ-ਜਾਣ ਵਾਲੇ ’ਤੇ ਨਿਗਰਾਨੀ ਵਧਾ ਦਿੱਤੀ ਗਈ ਹੈ।
ਧਮਕੀ ਦੇ ਮਜ਼ਮੂਨ ’ਤੇ ਅਧਿਕਾਰਿਕ ਚੁੱਪੀ
ਪੁਲਿਸ ਵੱਲੋਂ ਫਿਲਹਾਲ ਇਸ ਗੱਲ ਦੀ ਅਧਿਕਾਰਿਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਕਿ ਈਮੇਲ ਵਿੱਚ ਕਿਸ ਕਿਸਮ ਦੀ ਧਮਕੀ ਦਿੱਤੀ ਗਈ ਹੈ। ਹਾਲਾਂਕਿ ਕੋਰਟ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਈਮੇਲ ਵਿੱਚ ਕੋਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਗੱਲ ਲਿਖੀ ਹੋਈ ਸੀ।
ਜਾਂਚ ਜਾਰੀ, ਸੁਰੱਖਿਆ ਏਜੰਸੀਆਂ ਅਲਰਟ ’ਤੇ
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਰੱਖਿਆ ਏਜੰਸੀਆਂ ਵੱਲੋਂ ਈਮੇਲ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਹਰ ਸੰਭਾਵਿਤ ਪੱਖ ਤੋਂ ਜਾਂਚ ਚੱਲ ਰਹੀ ਹੈ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰਿਕ ਜਾਣਕਾਰੀ ਆਉਣ ’ਤੇ ਹੋਰ ਵੇਰਵੇ ਸਾਹਮਣੇ ਆਉਣ ਦੀ ਉਮੀਦ ਹੈ।

