ਲੁਧਿਆਣਾ :- ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਨਾਲ ਸੰਬੰਧਿਤ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜੁੱਤਾ ਕਾਰੋਬਾਰ ਨਾਲ ਜੁੜੇ ਹਨੀ ਸੇਠੀ ਨੂੰ ਪੁਲਸ ਵੱਲੋਂ ਨਸ਼ਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਇਹ ਕਾਰਵਾਈ ਦੋਰਾਹਾ ਇਲਾਕੇ ਵਿੱਚ ਕੀਤੀ ਗਈ, ਜਿੱਥੇ ਪੁਲਸ ਨੇ ਨਾਕਾਬੰਦੀ ਦੌਰਾਨ ਉਸ ਨੂੰ ਰੋਕਿਆ ਸੀ। ਸੂਤਰਾਂ ਅਨੁਸਾਰ ਪੁਲਸ ਨੂੰ ਸ਼ੱਕ ਹੋਣ ‘ਤੇ ਹਨੀ ਸੇਠੀ ਨੂੰ ਦੋਰਾਹਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਡੋਪ ਟੈਸਟ ਕਰਵਾਇਆ ਗਿਆ। ਮੈਡੀਕਲ ਰਿਪੋਰਟ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਮੈਡੀਕਲ ਰਿਪੋਰਟ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਸ਼ੁਰੂ
ਦੋਰਾਹਾ ਥਾਣੇ ਦੇ ਐੱਸ.ਐੱਚ.ਓ. ਆਕਾਸ਼ ਦੱਤ ਨੇ ਦੱਸਿਆ ਕਿ ਮੈਡੀਕਲ ਜਾਂਚ ਦੀ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਹਨੀ ਸੇਠੀ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਜੇ ਹੋਰ ਤੱਥ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੁਲਸ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਸ਼ੇ ਖ਼ਿਲਾਫ਼ ਚਲ ਰਹੀ ਮੁਹਿੰਮ ਦੌਰਾਨ ਕਿਸੇ ਵੀ ਵਿਅਕਤੀ ਨਾਲ ਰਿਆਇਤ ਨਹੀਂ ਕੀਤੀ ਜਾਵੇਗੀ, ਚਾਹੇ ਉਹ ਕਿਸੇ ਵੀ ਖੇਤਰ ਨਾਲ ਸੰਬੰਧਿਤ ਕਿਉਂ ਨਾ ਹੋਵੇ।
ਵਿਵਾਦਾਂ ਕਰਕੇ ਪਹਿਲਾਂ ਵੀ ਰਹਿੰਦਾ ਰਿਹਾ ਚਰਚਾ ‘ਚ
ਹਨੀ ਸੇਠੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦਾ ਹੈ ਅਤੇ ਵੱਖ-ਵੱਖ ਮਸਲਿਆਂ ‘ਤੇ ਆਪਣੇ ਬਿਆਨਾਂ ਕਾਰਨ ਕਈ ਵਾਰ ਚਰਚਾ ਦਾ ਕੇਂਦਰ ਬਣਦਾ ਰਿਹਾ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਲਾਕੇ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੇਰਵੇ ਸਾਹਮਣੇ ਆ ਸਕਦੇ ਹਨ।

