ਲੁਧਿਆਣਾ :- ਪੰਜਾਬ ਦੇ ਕਾਫ਼ੀ ਹਿੱਸਿਆਂ ’ਚ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਲਗਾਤਾਰ ਦਿਨਾਂ ਤੋਂ ਬਾਰਿਸ਼ ਦੇ ਨਤੀਜੇ ਵਜੋਂ ਲੁਧਿਆਣਾ ਵਿੱਚ ਵੀ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਦੌਰਾਨ ਬੁੱਢੇ ਨਾਲੇ ਦੇ ਟੁੱਟਣ ਨਾਲ ਮੁਸੀਬਤਾਂ ਹੋਰ ਵੱਧ ਗਈਆਂ ਹਨ।
ਸ਼ਿਵਪੁਰੀ ਨੇੜੇ ਬੁੱਢੇ ਨਾਲੇ ਦਾ ਬੰਨ੍ਹ ਟੁੱਟਿਆ
ਜਾਣਕਾਰੀ ਮੁਤਾਬਕ, ਸ਼ਿਵਪੁਰੀ ਨੇੜੇ ਬੁੱਢੇ ਨਾਲੇ ਦਾ ਬੰਨ੍ਹ ਟੁੱਟ ਗਿਆ ਹੈ। ਇਸ ਕਾਰਨ ਪਾਣੀ ਸ਼ਿਵਪੁਰੀ ਅਤੇ ਗਾਂਧੀ ਨਗਰ ਜਿਹੇ ਰਿਹਾਇਸ਼ੀ ਇਲਾਕਿਆਂ ਵਿੱਚ ਵੜ ਗਿਆ ਹੈ। ਸਵੇਰੇ ਤੋਂ ਹੋ ਰਹੀ ਬਰਸਾਤ ਕਾਰਨ ਸੜਕਾਂ ਤੇ ਗਲੀਆਂ ਵਿੱਚ ਕਈ-ਕਈ ਫੁੱਟ ਪਾਣੀ ਖੜ੍ਹ ਗਿਆ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਬੁੱਢਾ ਨਾਲਾ ਕਿਸੇ ਵੀ ਵੇਲੇ ਲੁਧਿਆਣਾ ਵਿੱਚ ਓਵਰਫ਼ਲੋ ਹੋ ਸਕਦਾ ਹੈ।
ਮੌਸਮ ਵਿਭਾਗ ਅਤੇ ਖ਼ਤਰੇ ਦੀ ਸਥਿਤੀ
ਬੁੱਢਾ ਨਾਲਾ ਸਤਿਲੁਜ ਦਰਿਆ ਵਿੱਚ ਡਿੱਗਦਾ ਹੈ। ਜੇ ਸਤਿਲੁਜ ਦਰਿਆ ਖ਼ੁਦ ਓਵਰਫ਼ਲੋ ਹੁੰਦਾ ਹੈ ਤਾਂ ਬੁੱਢੇ ਨਾਲੇ ਦੀ ਨਿਕਾਸੀ ਬਿਲਕੁੱਲ ਬੰਦ ਹੋ ਜਾਵੇਗੀ। ਮੌਸਮ ਵਿਭਾਗ ਨੇ ਲੁਧਿਆਣਾ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਉੱਥੇ ਹੀ ਸ਼ਹਿਰ ਦੇ ਦਮੋਰੀਆ ਪੁਲ਼ ਨੇੜੇ ਮੀਂਹ ਕਾਰਨ ਕੰਧ ਡਿੱਗਣ ਨਾਲ ਅੱਧਾ ਦਰਜਨ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ।