ਲੁਧਿਆਣਾ :- ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ‘ਤੇ ਇਕ ਵਾਰ ਫਿਰ ਸਵਾਲ ਖੜੇ ਹੋ ਗਏ ਹਨ। ਲੁਧਿਆਣਾ ਜ਼ਿਲ੍ਹੇ ਦੇ ਮੁੱਲਾਪੁਰ ਨੇੜੇ ਬੱਦੋਵਾਲ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਲਗਜ਼ਰੀ ਕਾਰਾਂ ਦੇ ਸ਼ੋਰੂਮ ‘ਰਾਇਲ ਲੀਮੋਜ਼’ ‘ਤੇ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਗੋਲੀਆਂ ਸ਼ੋਰੂਮ ਦੇ ਬਾਹਰ ਖੜੀਆਂ ਮਹਿੰਗੀਆਂ ਕਾਰਾਂ ਨਾਲ ਟਕਰਾਈਆਂ, ਜਿਸ ਕਾਰਨ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ।
ਮਰਸਿਡੀਜ਼-ਰੇਂਜ ਰੋਵਰ ਕਾਰਾਂ ਨਿਸ਼ਾਨੇ ‘ਤੇ
ਫਾਇਰਿੰਗ ਦੌਰਾਨ ਸ਼ੋਰੂਮ ਦੇ ਸਾਹਮਣੇ ਖੜੀਆਂ ਮਰਸਿਡੀਜ਼ ਅਤੇ ਰੇਂਜ ਰੋਵਰ ਵਰਗੀਆਂ ਲਗਜ਼ਰੀ ਗੱਡੀਆਂ ਦੇ ਅੱਗੇਲੇ ਸ਼ੀਸ਼ਿਆਂ ‘ਚ ਗੋਲੀਆਂ ਲੱਗੀਆਂ। ਇਹ ਕਾਰਾਂ ਕਰੋੜਾਂ ਰੁਪਏ ਦੀ ਕੀਮਤ ਵਾਲੀਆਂ ਦੱਸੀਆਂ ਜਾ ਰਹੀਆਂ ਹਨ। ਹਮਲੇ ਨਾਲ ਸ਼ੋਰੂਮ ਮਾਲਕਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ।
ਗੈਂਗਸਟਰਾਂ ਦੇ ਨਾਂ ‘ਤੇ ਧਮਕੀ ਦਾ ਇਸ਼ਾਰਾ
ਵਾਰਦਾਤ ਤੋਂ ਬਾਅਦ ਬਦਮਾਸ਼ ਸ਼ੋਰੂਮ ਦੇ ਬਾਹਰ ਗੈਂਗਸਟਰ ਪਵਨ ਸ਼ੌਕੀਨ ਅਤੇ ਮੋਹੱਬਤ ਰੰਧਾਵਾ ਦੇ ਨਾਂ ਲਿਖੀਆਂ ਪਚੀਆਂ ਸੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਇਹ ਪਚੀਆਂ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਤਫਤੀਸ਼ ‘ਚ ਮਾਮਲਾ ਫਿਰੌਤੀ ਅਤੇ ਧਮਕੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਸਾਢੇ ਦਸ ਵਜੇ ਸਵੇਰੇ ਹੋਈ ਵਾਰਦਾਤ
ਸ਼ੋਰੂਮ ਕਰਮਚਾਰੀਆਂ ਸਤਨਾਮ, ਨਿਰਮਲ ਅਤੇ ਗੁਰਪ੍ਰੀਤ ਮੁਤਾਬਕ ਸ਼ਨੀਵਾਰ ਸਵੇਰੇ ਲਗਭਗ ਸਾਢੇ ਦਸ ਵਜੇ ਦੋ ਨੌਜਵਾਨ ਬਾਈਕ ‘ਤੇ ਆਏ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀਆਂ ਚਲਾਉਣ ਲੱਗ ਪਏ। ਕਰੀਬ 7 ਤੋਂ 8 ਰਾਊਂਡ ਫਾਇਰ ਕੀਤੇ ਗਏ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ।
ਸੀਸੀਟੀਵੀ ‘ਚ ਕੈਦ ਹੋਈ ਫਾਇਰਿੰਗ
ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਬਦਮਾਸ਼ ਬਾਈਕ ਤੋਂ ਉਤਰ ਕੇ ਸ਼ੋਰੂਮ ਅਤੇ ਕਾਰਾਂ ‘ਤੇ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ। ਫਾਇਰਿੰਗ ਮਗਰੋਂ ਉਹ ਪੈਦਲ ਹੀ ਭੱਜਦਾ ਨਜ਼ਰ ਆਇਆ, ਜਦਕਿ ਉਸਦਾ ਸਾਥੀ ਬਾਈਕ ਨਾਲ ਤਿਆਰ ਖੜਾ ਸੀ। ਦੋਵੇਂ ਮੁਲਜ਼ਮ ਵਾਰਦਾਤ ਮਗਰੋਂ ਮੌਕੇ ਤੋਂ ਫਰਾਰ ਹੋ ਗਏ।
ਮੁੱਲਾਪੁਰ ਵੱਲੋਂ ਆਏ, ਦੇਤਵਾਲ ਪਾਸੇ ਹੋਏ ਫਰਾਰ
ਕਰਮਚਾਰੀਆਂ ਦੇ ਅਨੁਸਾਰ ਹਮਲਾਵਰ ਮੁੱਲਾਪੁਰ ਦੀ ਦਿਸ਼ਾ ਵੱਲੋਂ ਆਏ ਸਨ ਅਤੇ ਫਾਇਰਿੰਗ ਮਗਰੋਂ ਗਲਤ ਸਾਈਡ ਰਾਹੀਂ ਦੌੜਦੇ ਹੋਏ ਪਿੰਡ ਦੇਤਵਾਲ ਵੱਲ ਭੱਜ ਗਏ। ਅਚਾਨਕ ਹੋਈ ਗੋਲਾਬਾਰੀ ਨਾਲ ਸ਼ੋਰੂਮ ਸਟਾਫ਼ ਅਤੇ ਆਲੇ-ਦੁਆਲੇ ਮੌਜੂਦ ਲੋਕਾਂ ‘ਚ ਭਗਦੜ ਮਚ ਗਈ।
ਪੁਲਿਸ ਨੇ ਖਾਲੀ ਕਾਰਤੂਸ ਅਤੇ ਪਰਚੀਆਂ ਕਬਜ਼ੇ ‘ਚ ਲਈਆਂ
ਸੂਚਨਾ ਮਿਲਦਿਆਂ ਹੀ ਮੁੱਲਾਪੁਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਾਰਾ ਇਲਾਕਾ ਸੀਲ ਕਰ ਦਿੱਤਾ। ਪੁਲਿਸ ਨੇ ਸ਼ੋਰੂਮ ਪ੍ਰੰਗਣ ਤੋਂ ਖਾਲੀ ਕਾਰਤੂਸ ਅਤੇ ਧਮਕੀ ਭਰੀਆਂ ਪਰਚੀਆਂ ਜ਼ਬਤ ਕਰ ਲਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨl

