ਲੁਧਿਆਣਾ :- ਇੱਛਾ ਨਗਰ ਇਲਾਕੇ ‘ਚ ਬੁੱਧਵਾਰ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗਿਲਜ਼ ਗਾਰਡਨ ਦੇ ਨੇੜੇ ਇਕ ਘਰ ਵਿੱਚ ਅਚਾਨਕ ਅੱਗ ਭੜਕ ਉੱਠੀ। ਹਾਲਾਂਕਿ ਕਿਸੇ ਵੀ ਵਿਅਕਤੀ ਨੂੰ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਅੰਦਰ ਖੜ੍ਹੀਆਂ ਦੋ ਐਕਟਿਵਾ ਸਕੂਟੀਆਂ, ਇਕ ਕਾਰ ਅਤੇ ਇਕ ਆਟੋ ਪੂਰੀ ਤਰ੍ਹਾਂ ਸੜ ਕੇ ਖ਼ਾਕ ਹੋ ਗਏ।
ਘਰ ਅੰਦਰ ਰੱਖੇ 29 ਐਲਸੀਡੀ ਟੀਵੀ ਵੀ ਸੜੇ
ਮਿਲੀ ਜਾਣਕਾਰੀ ਮੁਤਾਬਕ, ਜਿਸ ਆਟੋ ਵਿੱਚ 29 ਐਲਸੀਡੀ ਟੀਵੀ ਰੱਖੇ ਹੋਏ ਸਨ, ਉਹ ਵੀ ਅੱਗ ਦੀ ਲਪੇਟ ਵਿੱਚ ਆ ਕੇ ਪੂਰੀ ਤਰ੍ਹਾਂ ਸੜ ਗਿਆ। ਘਰ ਮਾਲਕ ਡਿਲੀਵਰੀ ਵੈਨ ਚਲਾਉਣ ਦਾ ਕੰਮ ਕਰਦਾ ਹੈ ਅਤੇ ਘਟਨਾ ਸਮੇਂ ਘਰ ਵਿੱਚ ਮੌਜੂਦ ਨਹੀਂ ਸੀ।
ਏਸੀ ਦੇ ਕੰਪ੍ਰੈਸ਼ਰ ਤੋਂ ਲੱਗੀ ਅੱਗ: ਸ਼ੁਰੂਆਤੀ ਜਾਂਚ
ਇਲਾਕਾ ਨਿਵਾਸੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਉਨ੍ਹਾਂ ਦੇ ਗੁਆਂਢੀ ਦੇ ਘਰ ਵਿੱਚ ਲੱਗੀ ਸੀ। ਸ਼ੁਰੂਆਤੀ ਜਾਂਚ ਅਨੁਸਾਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਏਸੀ ਦੇ ਕੰਪ੍ਰੈਸ਼ਰ ਵਿੱਚ ਤਕਨੀਕੀ ਖ਼ਰਾਬੀ ਆਉਣ ਕਰਕੇ ਅੱਗ ਲੱਗੀ, ਜੋ ਹੌਲੀ-ਹੌਲੀ ਪੂਰੇ ਘਰ ਵਿੱਚ ਫੈਲ ਗਈ।
ਗੁਆਂਢੀਆਂ ਨੇ ਖੁਦ ਕੀਤੀ ਅੱਗ ਬੁਝਾਉਣ ਦੀ ਕੋਸ਼ਿਸ਼
ਅੱਗ ਦੇ ਸ਼ੋਲ੍ਹੇ ਵੇਖਦੇ ਹੀ ਗੁਆਂਢੀ ਲੋਕ ਤੁਰੰਤ ਇਕੱਠੇ ਹੋਏ ਅਤੇ ਟੈਂਕੀਆਂ ਦਾ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਲਾਕੇ ਦੇ ਹੋਰ ਨਿਵਾਸੀਆਂ ਨੇ ਵੀ ਮਦਦ ਕੀਤੀ, ਜਿਸ ਨਾਲ ਅੱਗ ਨੂੰ ਵੱਧ ਫੈਲਣ ਤੋਂ ਰੋਕਿਆ ਜਾ ਸਕਿਆ।
ਫਾਇਰ ਬ੍ਰਿਗੇਡ ਨੇ 30 ਮਿੰਟ ‘ਚ ਅੱਗ ‘ਤੇ ਪਾਇਆ ਕਾਬੂ
ਫਾਇਰ ਬ੍ਰਿਗੇਡ ਦੇ ਫਾਇਰਮੈਨ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 11:38 ਵਜੇ ਸੂਚਨਾ ਮਿਲੀ ਸੀ। ਇਕ ਗੱਡੀ ਨਾਲ ਮੌਕੇ ‘ਤੇ ਪਹੁੰਚ ਕੇ ਟੀਮ ਨੇ ਲਗਭਗ 30 ਮਿੰਟ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਕਿਸੇ ਦੀ ਜਾਨ ਨਹੀਂ ਗਈ, ਪਰ ਵਾਹਨਾਂ ਅਤੇ ਘਰ ਅੰਦਰ ਰੱਖੇ ਸਮਾਨ ਦਾ ਵੱਡਾ ਨੁਕਸਾਨ ਹੋਇਆ ਹੈ।