ਲੁਧਿਆਣਾ :- ਜ਼ਿਲ੍ਹੇ ਵਿੱਚ ਡੇਂਗੂ ਦੀ ਸਥਿਤੀ ਚਿੰਤਾਜਨਕ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਪੰਜ ਦਿਨਾਂ ਵਿੱਚ 88 ਨਵੇਂ ਡੇਂਗੂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ ਵਿੱਚ ਕੁੱਲ ਡੇਂਗੂ ਮਰੀਜ਼ਾਂ ਦੀ ਗਿਣਤੀ 346 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਇਕ ਚਿਕਨਗੁਨੀਆ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਸ ਵੇਲੇ 24 ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜਧੀਨ ਹਨ।
ਮੌਤਾਂ ਦੇ ਅੰਕੜੇ ਹਜੇ ਜਨਤਕ ਨਹੀਂ ਕੀਤੇ ਗਏ
ਜ਼ਿਲ੍ਹਾ ਮਲੇਰੀਆ ਅਧਿਕਾਰੀ ਡਾ. ਸ਼ੀਤਲ ਨਾਰੰਗ ਨੇ ਦੱਸਿਆ ਕਿ ਕੁਝ ਮਰੀਜ਼ਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਹਨ, ਪਰ ਉਨ੍ਹਾਂ ਨੂੰ ਸ਼ੱਕੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਸਾਰੇ ਮਾਮਲਿਆਂ ਦੀ ਜਾਂਚ “ਡੇਂਗੂ ਮੌਤ ਸਮੀਖਿਆ ਕਮੇਟੀ” ਕਰ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਧਿਕਾਰਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਲੋਕ ਨਿੱਜੀ ਡਾਕਟਰਾਂ, ਹਸਪਤਾਲਾਂ ਅਤੇ ਨਰਸਿੰਗ ਹੋਮਾਂ ਵਿੱਚ ਇਲਾਜ ਲਈ ਜਾ ਰਹੇ ਹਨ।
ਡੇਂਗੂ ਦੇ ਮੁੱਖ ਲੱਛਣ
ਡੇਂਗੂ ਦਾ ਬੁਖਾਰ ਆਮ ਤੌਰ ’ਤੇ ਅਚਾਨਕ ਸ਼ੁਰੂ ਹੁੰਦਾ ਹੈ ਅਤੇ ਇਸ ਦੇ ਨਾਲ ਕੁਝ ਖ਼ਾਸ ਲੱਛਣ ਵੀ ਹੁੰਦੇ ਹਨ—
-
ਤੇਜ਼ ਬੁਖਾਰ ਅਤੇ ਸਿਰ ਦਰਦ
-
ਅੱਖਾਂ ਦੇ ਪਿੱਛੇ ਦਰਦ
-
ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ
-
ਚਮੜੀ ’ਤੇ ਲਾਲ ਧੱਫੜ
-
ਬੇਹੱਦ ਥਕਾਵਟ ਤੇ ਚਿੰਤਾ
-
ਉਲਟੀਆਂ ਅਤੇ ਮਤਲੀ ਦੀ ਸ਼ਿਕਾਇਤ
ਡੇਂਗੂ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ
ਸਿਹਤ ਵਿਭਾਗ ਨੇ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਹੇਠਾਂ ਦਿੱਤੀਆਂ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ ਹੈ—
-
ਹਫ਼ਤੇ ਵਿੱਚ ਘੱਟੋ-ਘੱਟ ਇਕ ਵਾਰ ਕੂਲਰਾਂ ਅਤੇ ਛੋਟੇ ਬਰਤਨਾਂ ਦਾ ਪਾਣੀ ਖਾਲੀ ਕਰੋ।
-
ਛੱਤ ਦੇ ਟੈਂਕਾਂ ਨੂੰ ਹਮੇਸ਼ਾਂ ਢੱਕ ਕੇ ਰੱਖੋ।
-
ਸੌਣ ਵੇਲੇ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੇ ਉਪਕਰਣ ਵਰਤੋ।
-
ਘਰ ਦੇ ਅੰਦਰ ਅਤੇ ਬਾਹਰ ਖੜ੍ਹੇ ਪਾਣੀ ਦੀ ਜਾਂਚ ਕਰੋ ਅਤੇ ਸੁੱਕਾ ਰੱਖੋ।
-
ਪਲਾਸਟਿਕ ਦੇ ਕੱਪਾਂ, ਬੋਤਲਾਂ ਅਤੇ ਖਾਲੀ ਡੱਬਿਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ।
-
ਮੱਛਰਾਂ ਦੇ ਪ੍ਰਜਨਨ ਸਥਾਨਾਂ ’ਤੇ ਕੀਟਨਾਸ਼ਕ ਦਾ ਛਿੜਕਾਅ ਕਰੋ।
ਜਨਤਾ ਲਈ ਚੇਤਾਵਨੀ
ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਡੇਂਗੂ ਤੋਂ ਬਚਾਅ ਲਈ ਸਫ਼ਾਈ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਹਰ ਘਰ ਵਿੱਚ ਹਫ਼ਤਾਵਾਰੀ ਜਾਂਚ ਕੀਤੀ ਜਾਵੇ ਕਿ ਕਿਤੇ ਵੀ ਪਾਣੀ ਖੜ੍ਹਾ ਨਾ ਰਹੇ। ਜੇ ਕਿਸੇ ਨੂੰ ਡੇਂਗੂ ਦੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

