ਲੁਧਿਆਣਾ :- ਲੁਧਿਆਣਾ ਦੇ ਮਸ਼ਹੂਰ ਕਲਿਆਣ ਜਵੈਲਰਜ਼ ਨੂੰ ਇੱਕ ਖਪਤਕਾਰ ਸ਼ਿਕਾਇਤ ਮਾਮਲੇ ’ਚ ਅਦਾਲਤ ਵੱਲੋਂ 1 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਦੇ ਹੁਕਮ ਜਾਰੀ ਹੋਏ ਹਨ। ਇੱਕ ਮਾਂ-ਪੁੱਤਰ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ 22 ਕੈਰੇਟ ਦੱਸ ਕੇ ਗਹਿਣੇ ਵੇਚੇ, ਪਰ ਅਸਲੀ ਕੁਆਲਟੀ ਇਸ ਤੋਂ ਕਾਫ਼ੀ ਘੱਟ ਨਿਕਲੀ।
ਖਰੀਦਦਾਰਾਂ ਦਾ ਦਾਅਵਾ, 22 ਕੈਰੇਟ ਦੀ ਥਾਂ 18 ਕੈਰੇਟ ਨਿਕਲੇ ਗਹਿਣੇ
ਡਾਬਾ, ਲੁਧਿਆਣਾ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸਨੇ 1 ਜੁਲਾਈ 2021 ਨੂੰ ਰਾਣੀ ਝਾਂਸੀ ਰੋਡ ਸਥਿਤ ਕਲਿਆਣ ਜਵੈਲਰਜ਼ ਤੋਂ 42,719 ਰੁਪਏ ਵਿੱਚ ਇੱਕ ਗੋਲਡ ਪੈਂਡੈਂਟ ਖਰੀਦਿਆ। ਉਸਦੀ ਮਾਂ ਸੁਖਬੀਰ ਕੌਰ ਨੇ ਵੀ ਉਹੀ ਦਿਨ 47 ਹਜ਼ਾਰ ਰੁਪਏ ਵਿੱਚ ਸੋਨੇ ਦੇ ਸਟੱਡ ਖਰੀਦੇ। ਦੋਵਾਂ ਗਹਿਣਿਆਂ ਨੂੰ 22 ਕੈਰੇਟ ਦੱਸਿਆ ਗਿਆ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਕਿਸੇ ਵੀ ਗਹਿਣੇ ’ਤੇ ਹਾਲਮਾਰਕ ਦੀ ਮੁਰਤ ਨਹੀਂ ਸੀ।
ਸ਼ੱਕ ਪੈਣ ’ਤੇ ਅਰਸ਼ਦੀਪ ਨੇ 27 ਅਗਸਤ 2021 ਨੂੰ ਐਲ.ਡੀ. ਗੋਲਡ ਲੈਬ ਤੋਂ ਗਹਿਣਿਆਂ ਦੀ ਜਾਂਚ ਕਰਵਾਈ। ਲੈਬ ਰਿਪੋਰਟ ਵਿੱਚ ਸੋਨੇ ਦੀ ਸ਼ੁੱਧਤਾ 75.21% ਆਈ, ਜੋ ਕਿ 18 ਕੈਰੇਟ ਦੇ ਸੋਨੇ ਦੇ ਬਰਾਬਰ ਹੁੰਦੀ ਹੈ। ਇਸ ਨਾਲ ਇਹ ਸਾਬਤ ਹੋ ਗਿਆ ਕਿ ਗਾਹਕਾਂ ਨੂੰ ਦੱਸਿਆ ਗਿਆ ਕੈਰੇਟ ਗਲਤ ਸੀ।
ਸ਼ੋਅਰੂਮ ਦੀ ਦਲੀਲ ਰੱਦ, ਫੋਰਮ ਨੇ ਕਿਹਾ ਖਪਤਕਾਰ ਨਾਲ ਧੋਖਾ
ਗਾਹਕਾਂ ਨੇ ਜਦੋਂ ਨਤੀਜੇ ਜਵੈਲਰਜ਼ ਨੂੰ ਦੱਸੇ ਤਾਂ ਉਨ੍ਹਾਂ ਵੱਲੋਂ ਨਾ ਕੋਈ ਸਹੀ ਜਵਾਬ ਆਇਆ ਅਤੇ ਨਾ ਹੀ ਸਮੱਸਿਆ ਨਿਵਾਰਨ ਦੀ ਕੋਸ਼ਿਸ਼। ਕੰਪਨੀ ਨੇ ਇਹ ਕਹਿ ਕੇ ਪਲਾ ਝਾੜਿਆ ਕਿ ਇਹ ਪੋਲਕੀ ਜਵੈਲਰੀ ਹੈ, ਜਿਸ ’ਤੇ ਹਾਲਮਾਰਕ ਲਗਾਉਣ ਦੀ ਲਾਜ਼ਮੀ ਸ਼ਰਤ ਨਹੀਂ ਹੁੰਦੀ ਅਤੇ ਖਰੀਦਦਾਰੀ ਦਰਮਿਆਨ ਇਹ ਗੱਲ ਵੀ ਦੱਸੀ ਗਈ ਸੀ।
ਪਰ ਖਪਤਕਾਰ ਫੋਰਮ ਨੇ ਇਹ ਤਰਕ ਸਿੱਧੇ ਤੌਰ ’ਤੇ ਖ਼ਾਰਜ ਕਰ ਦਿੱਤਾ ਅਤੇ ਕਿਹਾ ਕਿ ਗਾਹਕ ਨੂੰ ਕੈਰੇਟ ਬਾਰੇ ਗਲਤ ਜਾਣਕਾਰੀ ਦੇਣਾ ਸਾਫ਼-ਸੁਥਰਾ ਖਪਤਕਾਰੀ ਅਧਿਕਾਰਾਂ ਦਾ ਉਲੰਘਣ ਹੈ।
ਕੰਪਨੀ ਨੂੰ 1 ਲੱਖ ਜੁਰਮਾਨਾ, ਇੱਕ ਮਹੀਨੇ ਵਿੱਚ ਅਦਾਇਗੀ ਦਾ ਹੁਕਮ
ਫੋਰਮ ਨੇ ਕਲਿਆਣ ਜਵੈਲਰਜ਼ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਅਦਾਇਗੀ ਲਈ ਕਿਹਾ ਹੈ। ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਇਹ ਰਕਮ ਇੱਕ ਮਹੀਨੇ ਅੰਦਰ ਅਦਾ ਨਾ ਕੀਤੀ ਗਈ ਤਾਂ 8% ਸਾਲਾਨਾ ਵਿਆਜ ਵੀ ਲੱਗੇਗਾ।
ਈਮੇਲ, ਨੋਟਿਸ ਤੇ ਸ਼ਿਕਾਇਤ – ਗਾਹਕ ਨੇ ਕੀਤੀ ਹਰ ਸੰਭਵ ਕੋਸ਼ਿਸ਼
ਅਰਸ਼ਦੀਪ ਨੇ ਪਹਿਲਾਂ ਸ਼ੋਅਰੂਮ ਸਟਾਫ ਨੂੰ ਈਮੇਲ ਰਾਹੀਂ ਸੂਚਨਾ ਦਿੱਤੀ, ਫਿਰ ਕਾਨੂੰਨੀ ਨੋਟਿਸ ਭੇਜਿਆ, ਪਰ ਕੰਪਨੀ ਦੀ ਕੋਈ ਪ੍ਰਤੀਕਿਰਿਆ ਨਹੀਂ आई। ਅੰਤ ਵਿੱਚ ਉਸਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ, ਜਿੱਥੇ ਉਸਦਾ ਦਾਅਵਾ ਸਹੀ ਸਾਬਤ ਹੋਇਆ।ਇਹ ਮਾਮਲਾ ਖਪਤਕਾਰਾਂ ਲਈ ਇੱਕ ਵੱਡਾ ਸਬਕ ਹੈ ਕਿ ਗਹਿਣੇ ਖਰੀਦਦਿਆਂ ਹਾਲਮਾਰਕ ਦੀ ਮੁਰਤ ਅਤੇ ਕੈਰੇਟ ਦੀ ਪੁਸ਼ਟੀ ਕਰਨਾ ਬਹੁਤ ਜ਼ਰੂਰੀ ਹੈ।

