ਲੁਧਿਆਣਾ :- ਦੁਗਰੀ ਇਲਾਕੇ ਵਿੱਚ ਦੁਪਹਿਰ ਸਮੇਂ ਇੱਕ ਅਣਪਛਾਤੇ ਬਾਈਕ ਸਵਾਰ ਨੌਜਵਾਨ ਨੇ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੀ ਮਹਿਲਾ ‘ਤੇ ਤੇਜ਼ਾਬ ਸੁੱਟ ਕੇ ਫਰਾਰ ਹੋ ਗਿਆ। ਹਮਲੇ ਨਾਲ 40 ਸਾਲਾ ਸਵਿਤਰੀ ਗੰਭੀਰ ਰੂਪ ਵਿੱਚ ਝੁਲਸ ਗਈ। ਉਹ ਮੂਲ ਤੌਰ ‘ਤੇ ਉੱਤਰ ਪ੍ਰਦੇਸ਼ ਦੀ ਵਸਨੀਕ ਹੈ ਅਤੇ ਲੁਧਿਆਣਾ ਵਿੱਚ ਪਰਿਵਾਰ ਦੀ ਰੋਜ਼ੀ-ਰੋਟੀ ਲਈ ਮਿਹਨਤ ਕਰਦੀ ਹੈ।
ਅੱਖਾਂ ਤੇ ਚਿਹਰਾ ਬੁਰੀ ਤਰ੍ਹਾਂ ਪ੍ਰਭਾਵਿਤ
ਜਾਣਕਾਰੀ ਅਨੁਸਾਰ ਮਹਿਲਾ ਕਰੀਬ ਦੁਪਹਿਰ 2 ਵਜੇ ਘਰ ਆਈ ਹੋਈ ਸੀ ਕਿ ਇਸ ਦੌਰਾਨ ਬੋਤਲ ਵਿੱਚ ਭਰਿਆ ਤਰਲ ਪਦਾਰਥ ਉਸਦੇ ਮੂੰਹ ਵੱਲ ਸੁੱਟਿਆ ਗਿਆ। ਤੇਜ਼ਾਬ ਦੇ ਅਸਰ ਨਾਲ ਉਹ ਬੇਹੋਸ਼ ਹੋ ਗਈ। ਮੌਕੇ ‘ਤੇ ਮੌਜੂਦ ਉਸਦੇ ਭਤੀਜੇ ਨੇ ਤੁਰੰਤ ਕੱਪੜਿਆਂ ਨਾਲ ਮੂੰਹ ਸਾਫ਼ ਕਰਕੇ ਮਦਦ ਕੀਤੀ, ਜਿਸ ਨਾਲ ਕੁਝ ਹੱਦ ਤੱਕ ਨੁਕਸਾਨ ਘੱਟ ਹੋਇਆ, ਪਰ ਉਸ ਦੀਆਂ ਅੱਖਾਂ ਹਾਲੇ ਤੱਕ ਨਹੀਂ ਖੁਲ ਰਹੀਆਂ।
ਹਸਪਤਾਲਾਂ ਵਿੱਚ ਇਲਾਜ ਲਈ ਭਟਕਣਾ
ਪਰਿਵਾਰਕ ਮੈਂਬਰਾਂ ਦੇ ਮੁਤਾਬਕ ਸ਼ੁਰੂਆਤੀ ਦੌਰ ਵਿੱਚ ਕੁਝ ਹਸਪਤਾਲਾਂ ਵੱਲੋਂ ਇਲਾਜ ਕਰਨ ਤੋਂ ਇਨਕਾਰ ਵੀ ਕੀਤਾ ਗਿਆ। ਬਾਅਦ ਵਿੱਚ ਮਹਿਲਾ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ।
ਪੁਲਿਸ ਵੱਲੋਂ ਜਾਂਚ ਸ਼ੁਰੂ
ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹੋਰ ਸਬੂਤ ਇਕੱਠੇ ਕਰਕੇ ਹਮਲਾਵਰ ਦੀ ਪਛਾਣ ਲਈ ਯਤਨ ਜਾਰੀ ਹਨ। ਤਿੰਨ ਬੱਚਿਆਂ ਦੀ ਮਾਂ ਸਵਿਤਰੀ ਦੀ ਹਾਲਤ ਨੂੰ ਦੇਖਦਿਆਂ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਹੈ।

