ਲੁਧਿਆਣਾ :- ਲੁਧਿਆਣਾ ਸ਼ਹਿਰ ਵਿੱਚ ਅੱਜ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿਸ ਨੇ ਸਾਰੇ ਇਲਾਕੇ ਨੂੰ ਸਦਮੇ ‘ਚ ਪਾ ਦਿੱਤਾ। ਜੈਨ ਮੰਦਰ ਚੌਂਕ ਨੇੜੇ ਇੱਕ ਸਕੂਲੀ ਬੱਸ ਦੀ ਟੱਕਰ ਨਾਲ 21 ਸਾਲਾਂ ਨੌਜਵਾਨ ਜਤਿਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਇੱਕ ਪ੍ਰਾਈਵੇਟ ਕੰਪਨੀ ਵਿੱਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ ਅਤੇ ਡਿਊਟੀ ਦੌਰਾਨ ਹੀ ਇਹ ਹਾਦਸਾ ਵਾਪਰਿਆ।
ਬੱਸ ਚਾਲਕ ਨੇ ਪਹੁੰਚਾਇਆ ਹਸਪਤਾਲ, ਪਰ ਨਾ ਬਚ ਸਕੀ ਜਾਨ
ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ ਹਾਦਸਾ ਬਹੁਤ ਅਚਾਨਕ ਵਾਪਰਿਆ। ਜਤਿਨ ਆਪਣੀ ਬਾਈਕ ‘ਤੇ ਜਾ ਰਿਹਾ ਸੀ ਜਦੋਂ ਸਕੂਲੀ ਬੱਸ ਨੇ ਟੱਕਰ ਮਾਰ ਦਿੱਤੀ। ਬੱਸ ਚਾਲਕ ਨੇ ਤੁਰੰਤ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਦੌਰਾਨ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਗੁੱਸੇ ‘ਚ ਪਰਿਵਾਰ ਤੇ ਲੋਕਾਂ ਨੇ ਕੀਤੀ ਬੱਸ ਦੀ ਤੋੜਫੋੜ
ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ ਅਤੇ ਉਨ੍ਹਾਂ ਨੇ ਗੁੱਸੇ ‘ਚ ਆ ਕੇ ਸਕੂਲੀ ਬੱਸ ਦੀ ਭੰਨਤੋੜ ਕਰ ਦਿੱਤੀ। ਸਥਿਤੀ ਤਣਾਭਰੀ ਬਣ ਗਈ, ਜਿਸ ਕਾਰਨ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਚਾਲਕ ਦੀ ਤੁਰੰਤ ਗਿਰਫਤਾਰੀ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਥਾਣਾ ਦੁਗਰੀ ਦੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਹਾਦਸੇ ਦੇ ਕਾਰਣਾਂ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਸ਼ਵ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਸਕੂਲੀ ਬੱਸ ਦੇ ਚਾਲਕ ਦੀ ਤਲਾਸ਼ ਜਾਰੀ ਹੈ।
ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ, ਨਗਰ ਵਾਸੀਆਂ ‘ਚ ਰੋਸ
ਇਸ ਹਾਦਸੇ ਨੇ ਸ਼ਹਿਰ ਵਿੱਚ ਇੱਕ ਵਾਰ ਫਿਰ ਟ੍ਰੈਫ਼ਿਕ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜੈਨ ਮੰਦਰ ਚੌਂਕ ‘ਤੇ ਹਰ ਰੋਜ਼ ਟ੍ਰੈਫ਼ਿਕ ਦਾ ਬੇਹੱਦ ਦਬਾਅ ਰਹਿੰਦਾ ਹੈ, ਪਰ ਸੁਰੱਖਿਆ ਲਈ ਕੋਈ ਢੰਗ ਦਾ ਪ੍ਰਬੰਧ ਨਹੀਂ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਸਥਾਨ ‘ਤੇ ਟ੍ਰੈਫ਼ਿਕ ਪੁਲਿਸ ਦੀ ਨਿਯਮਤ ਡਿਊਟੀ ਲਗਾਏ ਅਤੇ ਸੜਕ ਸੁਰੱਖਿਆ ਦੇ ਉਪਰਾਲੇ ਕੀਤੇ ਜਾਣ।

