ਲੁਧਿਆਣਾ :- ਲੁਧਿਆਣਾ ਦੇ ਸ਼ਾਮ ਨਗਰ ‘ਚ ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਨਾਲ ਮਿਲ ਕੇ ਇੱਕ ਘਰ ‘ਚ ਛਾਪਾਮਾਰੀ ਕੀਤੀ। ਇਸ ਦੌਰਾਨ ਟੀਮ ਨੂੰ ਵੱਡੀ ਮਾਤਰਾ ‘ਚ ਨਕਲੀ ਘਿਓ ਮਿਲਿਆ, ਜੋ ਤਿਉਹਾਰੀ ਮੌਸਮ ਦੌਰਾਨ ਮਾਰਕੀਟ ‘ਚ ਸਪਲਾਈ ਕਰਨ ਦੀ ਤਿਆਰੀ ਸੀ।
ਘਰ ‘ਚੋਂ ਨਕਲੀ ਸਮਾਨ ਜ਼ਬਤ
ਅਧਿਕਾਰੀਆਂ ਨੇ ਘਰ ਤੋਂ 40 ਕਿਲੋ ਨਕਲੀ ਘਿਓ, ਸੁੱਕਾ ਪਾਊਡਰ ਦੁੱਧ ਅਤੇ ਕਰੀਮ ਜ਼ਬਤ ਕੀਤੀ। ਇਹ ਨਕਲੀ ਘਿਓ ਮਿਲਾਵਟੀ ਸਮੱਗਰੀ ਨਾਲ ਘਰੇਲੂ ਤੌਰ ‘ਤੇ ਤਿਆਰ ਕੀਤਾ ਜਾ ਰਿਹਾ ਸੀ।
ਪਹਿਲਾਂ ਵੀ ਹੋ ਚੁੱਕੀ ਕਾਰਵਾਈ
ਸਿਹਤ ਵਿਭਾਗ ਮੁਤਾਬਕ, ਇਹ ਘਰ ਪਹਿਲਾਂ ਵੀ ਸ਼ੱਕ ਦੇ ਘੇਰੇ ‘ਚ ਰਿਹਾ ਹੈ। 2017 ਅਤੇ 2020 ਵਿੱਚ ਇੱਥੇ ਛਾਪੇਮਾਰੀ ਹੋਈ ਸੀ ਅਤੇ ਨਕਲੀ ਸਮਾਨ ਬਰਾਮਦ ਹੋਇਆ ਸੀ। ਇਸ ਘਰ ਦੇ ਮਾਲਕ ਨੂੰ 2023 ਵਿੱਚ ਭਗੌੜਾ ਘੋਸ਼ਿਤ ਕੀਤਾ ਗਿਆ ਸੀ, ਜਿਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸਿਹਤ ਵਿਭਾਗ ਦੀ ਅਪੀਲ
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਲੋਕ ਹੁਣ ਘਰਾਂ ਵਿੱਚ ਵੀ ਮਿਲਾਵਟੀ ਸਮਾਨ ਤਿਆਰ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਿਹਤ ਵਿਭਾਗ ਘਰਾਂ ਵਿੱਚ ਛਾਪੇਮਾਰੀ ਕਰਨ ਤੋਂ ਨਹੀਂ ਹਿਚਕੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਮਿਲਾਵਟੀ ਖਾਣ-ਪੀਣ ਦੀਆਂ ਚੀਜ਼ਾਂ ਦੇ ਬਾਰੇ ਪਤਾ ਲੱਗੇ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕਰਨ।
ਨਮੂਨੇ ਲਏ, ਜਾਂਚ ਜਾਰੀ
ਵਿਭਾਗ ਨੇ ਘਿਓ, ਕਰੀਮ ਅਤੇ ਦੁੱਧ ਦੇ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਮਾਲਕ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।