ਜਲੰਧਰ :- ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਅਤੇ ਸਟਾਫ਼ ਨੇ ਮਾਨਵਤਾ ਦੀ ਸੇਵਾ ਲਈ ਨੇਕ ਪਹਿਲ ਕਰਦਿਆਂ ਸਮੂਹਿਕ ਤੌਰ ‘ਤੇ 31,53,000 ਰੁਪਏ ਦਾ ਯੋਗਦਾਨ ਪੰਜਾਬ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਵਿੱਚ ਭੇਟ ਕੀਤਾ ਹੈ। ਇਸ ਰਕਮ ਨਾਲ ਸੂਬੇ ਵਿੱਚ ਚੱਲ ਰਹੇ ਹੜ੍ਹ ਰਾਹਤ ਕਾਰਜਾਂ ਨੂੰ ਮਜ਼ਬੂਤੀ ਮਿਲੇਗੀ।
ਸਿੱਖਿਆ ਮੰਤਰੀ ਨੂੰ ਰਸਮੀ ਤੌਰ ‘ਤੇ ਭੇਟ
ਇਹ ਰਕਮ ਅੱਜ ਨੰਗਲ ਵਿਖੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲੁਧਿਆਣਾ ਡਿੰਪਲ ਮਦਾਨ ਦੀ ਅਗਵਾਈ ਵਿੱਚ ਇੱਕ ਵਫ਼ਦ ਦੁਆਰਾ ਸੌਂਪੀ ਗਈ। ਇਸ ਵਫ਼ਦ ਵਿੱਚ ਡਿਪਟੀ ਡੀਈਓ ਅਮਨਦੀਪ ਸਿੰਘ, ਸਟੇਟ ਸਪੋਰਟਸ ਕਮੇਟੀ ਮੈਂਬਰ ਅਜੀਤ ਪਾਲ, ਅਤੇ ਫਿਜ਼ਿਕਸ ਦੇ ਲੈਕਚਰਾਰ ਸ੍ਰੀ ਦਿਨੇਸ਼ ਮੋਦੀ ਵੀ ਸ਼ਾਮਲ ਸਨ।
ਅਧਿਆਪਕਾਂ ਦੀ ਭਾਵਨਾ ਕਾਬਿਲੇ-ਤਾਰੀਫ਼ – ਹਰਜੋਤ ਸਿੰਘ ਬੈਂਸ
ਇਸ ਮੌਕੇ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਰਕਮ ਸਿਰਫ਼ ਵਿੱਤੀ ਸਹਾਇਤਾ ਹੀ ਨਹੀਂ, ਸਗੋਂ ਸਮਾਜ ਪ੍ਰਤੀ ਉਨ੍ਹਾਂ ਦੀ ਸੰਵੇਦਨਾ ਅਤੇ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੇ ਕਲਾਸਰੂਮ ਤੋਂ ਬਾਹਰ ਵੀ ਆਪਣੀ ਸਮਾਜਕ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਪ੍ਰਭਾਵਿਤ ਪਰਿਵਾਰਾਂ ਲਈ ਏਕਤਾ ਅਤੇ ਹਮਦਰਦੀ ਦੀ ਮਿਸਾਲ ਪੇਸ਼ ਕੀਤੀ ਹੈ।
ਸਰਕਾਰ ਦੀ ਵਚਨਬੱਧਤਾ
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਅਤੇ ਪੁਨਰਵਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅਧਿਆਪਕਾਂ ਨੂੰ ਸਮਾਜ ਦੇ ਥੰਮ੍ਹ ਕਰਾਰ ਦਿੰਦਿਆਂ ਕਿਹਾ ਕਿ ਇਹ ਨੇਕ ਕਾਰਜ ਭਵਿੱਖ ਲਈ ਪ੍ਰੇਰਣਾ ਦਾ ਸਰੋਤ ਹੈ।