ਚੰਡੀਗੜ੍ਹ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਨੂੰ ਲੈ ਕੇ ਅੱਜ ਮਹੱਤਵਪੂਰਨ ਸੁਣਵਾਈ ਨਿਧਾਰਤ ਹੈ। ਇਸ ਦੌਰਾਨ ਅਦਾਲਤ ਉਹ ਰਿਪੋਰਟ ‘ਤੇ ਆਪਣਾ ਫੈਸਲਾ ਸੁਣਾਏਗੀ, ਜੋ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਪਿਛਲੀ ਸੁਣਵਾਈ ਦੌਰਾਨ ਪੇਸ਼ ਕੀਤੀ ਗਈ ਸੀ। 19 ਅਗਸਤ ਨੂੰ ਹੋਈ ਪਿਛਲੀ ਕਾਰਵਾਈ ਦੌਰਾਨ ਹਾਈਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਰਿਪੋਰਟ ਦਾ ਵਿਸਥਾਰ ਨਾਲ ਅਧਿਐਨ ਕਰਨ ਤੋਂ ਬਾਅਦ ਹੀ ਅਗਲੇ ਹੁਕਮ ਜਾਰੀ ਕੀਤੇ ਜਾਣਗੇ।
ਇੰਟਰਵਿਊ ਵਿੱਚ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਸਵੀਕਾਰਣ ਦਾ ਦਾਅਵਾ
ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਵਾਇਰਲ ਹੋਏ ਸਨ। ਪਹਿਲਾ ਇੰਟਰਵਿਊ 14 ਮਾਰਚ 2023 ਨੂੰ ਪ੍ਰਸਾਰਿਤ ਹੋਇਆ ਸੀ, ਜਿਸ ਵਿੱਚ ਉਸ ਨੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਕਬੂਲੀ ਸੀ। ਬਿਸ਼ਨੋਈ ਨੇ ਦਾਅਵਾ ਕੀਤਾ ਸੀ ਕਿ ਮੂਸੇਵਾਲਾ ਗਾਇਕੀ ਤੋਂ ਹਟ ਕੇ ਗੈਂਗਵਾਰਾਂ ਵਿੱਚ ਸ਼ਾਮਲ ਹੋ ਰਿਹਾ ਸੀ ਅਤੇ ਉਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੀ ਹੱਤਿਆ ਵਿੱਚ ਮੂਸੇਵਾਲਾ ਦਾ ਹੱਥ ਸੀ। ਐਸਆਈਟੀ ਦੇ ਅਨੁਸਾਰ, ਇਹ ਇੰਟਰਵਿਊ ਸੀਆਈਏ ਕੀ ਕਸਟਡੀ ਦੌਰਾਨ ਰਿਕਾਰਡ ਕੀਤਾ ਗਿਆ ਸੀ।
ਜੇਲ੍ਹ ਅੰਦਰੋਂ ਇੰਟਰਵਿਊ ਦੇਣ ਦੇ ਸਬੂਤ ਵੀ ਪੇਸ਼ ਕੀਤੇ
ਦੂਜੇ ਇੰਟਰਵਿਊ ਵਿੱਚ ਬਿਸ਼ਨੋਈ ਨੇ ਆਪਣੀ ਬੈਰਕ ਦਿਖਾਈ ਅਤੇ ਦਾਅਵਾ ਕੀਤਾ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ, ਪਰ ਮੋਬਾਇਲ ਫ਼ੋਨ ਉਸ ਤੱਕ ਪਹੁੰਚ ਜਾਂਦੇ ਹਨ। ਉਸ ਨੇ ਕਿਹਾ ਸੀ ਕਿ ਜੇਲ੍ਹ ਦੇ ਗਾਰਡ ਰਾਤ ਦੇ ਸਮੇਂ ਘੱਟ ਪਹਿਰਾ ਦਿੰਦੇ ਹਨ, ਜਿਸ ਕਰਕੇ ਉਹ ਕਾਲ ਕਰ ਸਕਦਾ ਹੈ। ਬਿਸ਼ਨੋਈ ਨੇ ਮੋਬਾਇਲ ਫੋਨਾਂ ਨੂੰ ਜੇਲ੍ਹ ਵਿੱਚ ਲਿਆਂਦੇ ਜਾਣ ਦੇ ਤਰੀਕੇ ਬਾਰੇ ਵੀ ਖੁਲਾਸਾ ਕੀਤਾ ਅਤੇ ਕਿਹਾ ਕਿ ਬਹੁਤ ਵਾਰ ਇਹ ਬਾਹਰੋਂ ਸੁੱਟੇ ਜਾਂਦੇ ਹਨ। ਕਈ ਵਾਰ ਸਟਾਫ਼ ਉਨ੍ਹਾਂ ਨੂੰ ਕਬਜ਼ੇ ਵਿੱਚ ਕਰ ਲੈਂਦਾ ਹੈ, ਪਰ ਅਕਸਰ ਇਹ ਮੋਬਾਇਲ ਉਸ ਕੋਲ ਪਹੁੰਚ ਹੀ ਜਾਂਦੇ ਹਨ।
ਪੰਜਾਬ ਡੀਜੀਪੀ ਦਾ ਦਾਅਵਾ: ਇੰਟਰਵਿਊ ਸੂਬੇ ਦੀ ਜੇਲ੍ਹ ਵਿੱਚ ਨਹੀਂ ਹੋਇਆ
ਇੰਟਰਵਿਊ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਹੋਏ। ਇਸ ਸਬੰਧ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਕੀਤਾ ਗਿਆ। ਉਨ੍ਹਾਂ ਨੇ ਲਾਰੈਂਸ ਦੀਆਂ ਦੋ ਤਸਵੀਰਾਂ ਵੀ ਜਾਰੀ ਕੀਤੀਆਂ ਅਤੇ ਦਾਅਵਾ ਕੀਤਾ ਕਿ ਜਦੋਂ ਉਸ ਨੂੰ ਬਠਿੰਡਾ ਜੇਲ੍ਹ ਲਿਆਂਦਾ ਗਿਆ ਸੀ, ਉਸ ਦੇ ਵਾਲ ਕੱਟੇ ਹੋਏ ਸਨ ਅਤੇ ਉਸ ਨੇ ਦਾੜ੍ਹੀ-ਮੂੰਛ ਨਹੀਂ ਰੱਖੀ ਹੋਈ ਸੀ।