ਤਰਨਤਾਰਨ :- ਥਾਣਾ ਸਿਟੀ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਜੌਹਲ ਰਾਜੂ ਸਿੰਘ ਵਿੱਚ ਬੀਤੀ ਅੱਧੀ ਰਾਤ ਇਕ ਦਿਲ ਦਹਲਾ ਦੇਣ ਵਾਲੀ ਘਟਨਾ ਵਾਪਰੀ। ਜਾਣਕਾਰੀ ਅਨੁਸਾਰ ਬਾਰ੍ਹਵੀਂ ਜਮਾਤ ਦੀ ਇਕ ਵਿਦਿਆਰਥਣ ਆਪਣੇ ਘਰ ਦੇ ਕਮਰੇ ਵਿੱਚ ਬੈਠ ਕੇ ਪਰੀਖਿਆ ਦੀ ਤਿਆਰੀ ਕਰ ਰਹੀ ਸੀ ਕਿ ਇਸ ਦੌਰਾਨ ਪਿੰਡ ਦਾ ਹੀ ਇਕ ਨੌਜਵਾਨ ਅਚਾਨਕ ਕਮਰੇ ਵਿੱਚ ਦਾਖ਼ਲ ਹੋਇਆ ਅਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਲੜਕੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਮਾਂ ਨੇ ਸੁਣੀ ਚੀਖ, ਸਿਰ ਵਿੱਚੋਂ ਵਹਿ ਰਿਹਾ ਸੀ ਖ਼ੂਨ
ਜ਼ਖ਼ਮੀ ਵਿਦਿਆਰਥਣ ਦੀ ਮਾਤਾ ਮਨਦੀਪ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਕਰੀਬ ਅੱਧੀ ਰਾਤ ਉਹਨਾਂ ਨੂੰ ਬੇਟੀ ਦੀ ਚੀਖ ਸੁਣਾਈ ਦਿੱਤੀ। ਜਦੋਂ ਉਹ ਕਮਰੇ ਵਿੱਚ ਪਹੁੰਚੇ ਤਾਂ ਬੇਟੀ ਸਿਮਰਨਜੀਤ ਕੌਰ ਦੇ ਸਿਰ ਵਿੱਚੋਂ ਖ਼ੂਨ ਵਹਿ ਰਿਹਾ ਸੀ। ਮੌਕੇ ‘ਤੇ ਨਿਰਵੈਲ ਸਿੰਘ ਨਾਮਕ ਨੌਜਵਾਨ ਹੱਥ ਵਿੱਚ ਪਿਸਤੌਲ ਫੜੀ ਖੜ੍ਹਾ ਸੀ, ਜੋ ਧਮਕੀਆਂ ਦਿੰਦਾ ਹੋਇਆ ਤੁਰੰਤ ਫ਼ਰਾਰ ਹੋ ਗਿਆ।
ਹਸਪਤਾਲ ਵਿੱਚ ਇਲਾਜ ਜਾਰੀ, ਹਾਲਤ ਨਾਜ਼ੁਕ
ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਜ਼ਖ਼ਮੀ ਹਾਲਤ ਵਿੱਚ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ। ਡਾਕਟਰਾਂ ਮੁਤਾਬਕ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਡਾਕਟਰੀ ਟੀਮ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਤਫ਼ਤੀਸ਼ ਸ਼ੁਰੂ, ਮੁਲਜ਼ਮ ਦੀ ਭਾਲ ਜਾਰੀ
ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਨਾਕਾਬੰਦੀ ਕਰਕੇ ਫ਼ਰਾਰ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।