ਪਠਾਨਕੋਟ :- ਲਗਾਤਾਰ ਬਾਰਿਸ਼ ਕਾਰਨ ਪਹਾੜੀ ਇਲਾਕਿਆਂ ਵਿੱਚ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਹੈ। ਅੱਜ ਸਵੇਰੇ ਪਠਾਨਕੋਟ-ਜਲੰਧਰ ਰਾਸ਼ਟਰੀ ਹਾਈਵੇ ‘ਤੇ ਦਮਤਲ ਪਹਾੜੀਆਂ ਨੇੜੇ ਜ਼ਮੀਨ ਖਿਸਕਣ ਨਾਲ ਇੱਕ ਵੱਡਾ ਪੱਥਰ ਸੜਕ ‘ਤੇ ਆ ਡਿੱਗਿਆ। ਇਸ ਪੱਥਰ ਨਾਲ ਟੱਕਰ ਹੋਣ ਕਾਰਨ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਏ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਹਾਈਵੇ ਦੀ ਡਿਵਾਈਡਰ ‘ਤੇ ਚੜ੍ਹ ਗਈ ਅਤੇ ਕਾਫ਼ੀ ਨੁਕਸਾਨ ਹੋਇਆ। ਸ਼ੁਕਰ ਦੀ ਗੱਲ ਇਹ ਰਹੀ ਕਿ ਬੱਸ ਵਿੱਚ ਸਵਾਰ ਸਾਰੇ ਸਕੂਲੀ ਬੱਚੇ ਸੁਰੱਖਿਅਤ ਬਚ ਗਏ।
ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ
ਹਾਦਸੇ ਦੌਰਾਨ ਮੋਟਰਸਾਈਕਲ ‘ਤੇ ਜਾ ਰਹੇ ਦੋ ਨੌਜਵਾਨ ਵੀ ਪੱਥਰ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖਮੀ ਹੋ ਗਏ। ਸੜਕ ਸੁਰੱਖਿਆ ਬਲ ਦੇ ਜਵਾਨ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਸਕੂਲੀ ਬੱਚਿਆਂ ਨੂੰ ਦੂਜੀ ਬੱਸ ਰਾਹੀਂ ਸੁਰੱਖਿਅਤ ਤਰੀਕੇ ਨਾਲ ਉਨ੍ਹਾਂ ਦੇ ਸਕੂਲ ਪਹੁੰਚਾਇਆ ਗਿਆ।
ਹਾਈਵੇ ਦਾ ਇੱਕ ਪਾਸਾ ਬੰਦ, ਬਚਾਅ ਕੰਮ ਜਾਰੀ
ਪ੍ਰਸ਼ਾਸਨ ਨੇ ਹਾਦਸੇ ਤੋਂ ਬਾਅਦ ਹਾਈਵੇ ਦਾ ਇੱਕ ਪਾਸਾ ਟ੍ਰੈਫ਼ਿਕ ਲਈ ਬੰਦ ਕਰ ਦਿੱਤਾ ਹੈ। ਵੱਡੇ ਪੱਥਰ ਨੂੰ ਹਟਾਉਣ ਲਈ ਮਸ਼ੀਨਰੀ ਮੌਕੇ ‘ਤੇ ਲੱਗੀ ਹੋਈ ਹੈ ਅਤੇ ਜਲਦੀ ਹੀ ਸੜਕ ਮੁੜ ਖੋਲ੍ਹਣ ਦੀ ਉਮੀਦ ਹੈ। ਇਸਦੇ ਨਾਲ ਹੀ ਲੋਕਾਂ ਨੂੰ ਭਾਰੀ ਬਾਰਿਸ਼ ਦੌਰਾਨ ਪਹਾੜੀ ਇਲਾਕਿਆਂ ਵਿੱਚ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਅਜੇਹੇ ਹਾਦਸਿਆਂ ਤੋਂ ਬਚਿਆ ਜਾ ਸਕੇ।