ਅੰਮ੍ਰਿਤਸਰ:- ਅੰਮ੍ਰਿਤਸਰ ਹਵਾਈ ਅੱਡੇ ‘ਤੇ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਣ ਨੂੰ ਹੜ੍ਹਾਂ ਨਾਲ ਹੋਈ ਤਬਾਹੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਰਾਜਪਾਲ ਨੇ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਅਤੇ ਫਿਰੋਜ਼ਪੁਰ ਸਮੇਤ ਪੰਜ ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੀ ਵਿਸਥਾਰਿਤ ਰਿਪੋਰਟ ਸੌਂਪੀ।
ਹੜ੍ਹ ਤਬਾਹੀ ‘ਤੇ ਕੇਂਦਰ ਸਹਿਯੋਗ ਲਈ ਤਿਆਰ, ਕਟਾਰੀਆ ਨੇ ਚੌਹਾਣ ਨੂੰ ਸੌਂਪੀ ਵਿਸਥਾਰਿਤ ਰਿਪੋਰਟ
ਕਟਾਰੀਆ ਨੇ 1 ਤੋਂ 4 ਸਤੰਬਰ ਤੱਕ ਪ੍ਰਭਾਵਿਤ ਇਲਾਕਿਆਂ ਦਾ ਖ਼ੁਦ ਦੌਰਾ ਕਰਕੇ ਜਾਨੀ ਨੁਕਸਾਨ, ਖੇਤੀਬਾੜੀ ਹਾਨੀ, ਸੰਪਤੀ ਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਤੇ ਰਾਹਤ ਕਾਰਜਾਂ ਦੀ ਪ੍ਰਗਤੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਫੌਜ, ਐਨਡੀਆਰਐਫ ਅਤੇ ਹੋਰ ਏਜੰਸੀਆਂ ਰਾਹਤ ਕੰਮਾਂ ਵਿੱਚ ਲੱਗੀਆਂ ਹੋਈਆਂ ਹਨ।
ਸ਼ਿਵਰਾਜ ਸਿੰਘ ਚੌਹਾਣ ਨੇ ਯਕੀਨ ਦਵਾਇਆ ਕਿ ਕੇਂਦਰ ਸਰਕਾਰ ਬਚਾਅ, ਰਾਹਤ ਅਤੇ ਪੁਨਰਵਾਸ ਯਤਨਾਂ ਨੂੰ ਤੇਜ਼ ਕਰਨ ਲਈ ਹਰ ਸੰਭਵ ਸਹਿਯੋਗ ਦੇਵੇਗੀ ਅਤੇ ਰਾਜ ਨਾਲ ਮਿਲ ਕੇ ਹਾਲਾਤਾਂ ਨੂੰ ਜਲਦੀ ਸਧਾਰਨ ਕਰਨ ਲਈ ਕੰਮ ਕਰੇਗੀ। ਇਹ ਦੌਰਾ ਕੇਂਦਰੀ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਿੱਧੇ ਮੁਲਾਂਕਣ ਦੀ ਲੜੀ ਦੀ ਸ਼ੁਰੂਆਤ ਹੈ।