ਫ਼ਤਹਿਗੜ੍ਹ ਸਾਹਿਬ :- ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਹੇ ਪਰਿਵਾਰਕ ਵਿਵਾਦ ਨੇ ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਲੋਨੀ ਵਿਚ ਇਕ ਹੋਰ ਜਾਨ ਲੈਂਦੀ। ਜਾਣਕਾਰੀ ਅਨੁਸਾਰ ਘਰੇਲੂ ਤਣਾਅ ਅਤੇ ਵੰਡ ‘ਤੇ ਨਾਰਾਜ਼ਗੀ ਕਾਰਨ ਛੋਟੇ ਭਰਾ ਨੇ ਆਪਣੇ ਉੱਤੇ ਪੈਟਰੋਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ।
ਪਹਿਲਾਂ ਨਿੱਜੀ ਹਸਪਤਾਲ, ਫਿਰ PGI ਰੈਫਰ
ਅੱਗ ਲੱਗਣ ਤੋਂ ਬਾਦ ਉਸ ਨੂੰ ਗੰਭੀਰ ਹਾਲਤ ਵਿੱਚ ਮੰਡੀ ਗੋਬਿੰਦਗੜ੍ਹ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਹਾਲਤ ਵੱਧ ਖਰਾਬ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਤੁਰੰਤ ਚੰਡੀਗੜ੍ਹ PGI ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਦੀ ਦਖਲਅੰਦਾਜ਼ੀ, ਮਾਮਲਾ ਦਰਜ਼
ਮਾਮਲੇ ਦੀ ਸੂਚਨਾ ਮਿਲਣ ਉਪਰੰਤ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐੱਸ.ਐੱਚ.ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਨਿਰਮਲ ਹਸਪਤਾਲ ਵਲੋਂ ਰੁੱਕਾ ਪ੍ਰਾਪਤ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਮ੍ਰਿਤਕ ਦੀ ਪਹਿਚਾਣ ਸੁਰਜੀਤ ਸਿੰਘ ਵਜੋਂ ਹੋਈ ਹੈ, ਜੋ ਪੰਚਾਇਤ ਸਕੱਤਰ ਵਜੋਂ ਬਸੀ ਪਠਾਣਾ ਵਿੱਚ ਤਾਇਨਾਤ ਸੀ।
ਬਿਆਨਾਂ ‘ਤੇ ਆਧਾਰਿਤ ਕੇਸ ਦਰਜ
ਸੁਰਜੀਤ ਸਿੰਘ ਵਲੋਂ ਅਦਾਲਤ ਅਮਲੋਹ ਅੱਗੇ ਦਰਜ ਬਿਆਨਾਂ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਆਪਣੇ ਭਰਾ ਨਾਲ ਚੱਲ ਰਹੇ ਝਗੜੇ ਦਾ ਜ਼ਿਕਰ ਕੀਤਾ ਗਿਆ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਪਾਸੋਂ ਮਿਲੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਪਰਮਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇਰੀ ਜਾਂਚ ਜਾਰੀ ਹੈ।

