ਪਟਿਆਲਾ :- ਪਟਿਆਲਾ ਵਿੱਚ ਸ਼ਨੀਵਾਰ ਰਾਤ ਇੱਕ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਹੈ। ਲੋਅਰ ਮਾਲ ਸਥਿਤ ਹੋਲੋ ਗਰਾਊਂਡ ਦੇ ਸਾਹਮਣੇ ਕੋਲੀ ਢਾਬੇ ‘ਤੇ ਕੰਮ ਕਰਨ ਵਾਲੇ ਵਰਕਰ ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਝਗੜਾ ਬਿੱਲ ਨੂੰ ਲੈ ਕੇ ਹੋਇਆ
ਮਿਲੀ ਜਾਣਕਾਰੀ ਅਨੁਸਾਰ, ਢਾਬੇ ‘ਤੇ ਖਾਣ-ਪੀਣ ਦੇ ਬਿੱਲ ਨੂੰ ਲੈ ਕੇ ਗਾਹਕਾਂ ਨਾਲ ਝਗੜਾ ਹੋ ਗਿਆ। ਮੌਕੇ ‘ਤੇ ਗੱਲਬਾਤ ਵਧ ਗਈ ਅਤੇ ਹਮਲਾਵਰਾਂ ਨੇ ਵਰਕਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਪਹੁੰਚੀ ਮੌਕੇ ‘ਤੇ, ਮਾਮਲਾ ਦਰਜ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕਤਵਾਲੀ ਦੇ ਐੱਸ.ਐੱਚ.ਓ. ਜਸਪ੍ਰੀਤ ਸਿੰਘ ਕਾਹਲੋ ਅਤੇ ਥਾਣਾ ਸਬਜ਼ੀ ਮੰਡੀ ਦੇ ਐੱਸ.ਐੱਚ.ਓ. ਗੁਰਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਹਮਲਾਵਰਾਂ ਦੀ ਤਲਾਸ਼ ਜਾਰੀ
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀ ਪਹਿਚਾਣ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

