ਪੰਜਾਬੀ ਸੰਗੀਤ ਜਗਤ ਲਈ ਦੁਖਦਾਈ ਖ਼ਬਰ ਹੈ ਕਿ ਮਸ਼ਹੂਰ ਗਾਇਕ ਖਾਨ ਸਾਬ ਦੀ ਮਾਂ ਸਲਮਾ ਪਰਵੀਨ ਦਾ ਬੀਤੇ ਦਿਨੀਂ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਸੀ। ਹਾਲਤ ਵਿੱਚ ਸੁਧਾਰ ਨਾ ਹੋਣ ਕਾਰਨ ਵੀਰਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ।
ਖਾਨ ਸਾਬ ਉਸ ਸਮੇਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ ਸ਼ੋਅ ਲਈ ਮੌਜੂਦ ਸਨ। ਮਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਨੇ ਆਪਣਾ ਸ਼ੋਅ ਰੱਦ ਕਰਕੇ ਤੁਰੰਤ ਪੰਜਾਬ ਵਾਪਸੀ ਦੀ ਉਡਾਨ ਭਰੀ। ਉਹ ਸ਼ੁੱਕਰਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ ਅਤੇ ਸਿੱਧੇ ਆਪਣੇ ਜੱਦੀ ਪਿੰਡ ਕਪੂਰਥਲਾ ਦੇ ਭੰਗਲ ਦੋਨਾ ਗਏ। ਸਲਮਾ ਪਰਵੀਨ ਨੂੰ ਅੱਜ ਉਨ੍ਹਾਂ ਦੇ ਪਿੰਡ ਵਿੱਚ ਸਪੁਰਦ-ਏ-ਖਾਕ ਕੀਤਾ ਜਾਵੇਗਾ।
ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨੇ ਉਨ੍ਹਾਂ ਨੂੰ ਧਾਰਮਿਕ ਅਤੇ ਸਭ ਨਾਲ ਮਿਲਣ-ਜੁਲਣ ਵਾਲੀ ਸ਼ਖਸੀਅਤ ਵਜੋਂ ਯਾਦ ਕੀਤਾ ਹੈ। ਉਹ ਪਰਿਵਾਰ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹੀ। ਖਾਨ ਸਾਬ ਅਕਸਰ ਜਨਤਕ ਮੰਚਾਂ ‘ਤੇ ਆਪਣੀ ਮਾਂ ਦਾ ਜ਼ਿਕਰ ਕਰਦੇ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਵੀ ਉਸਦੇ ਨਾਲ ਵੀਡੀਓਆਂ ਸਾਂਝੀਆਂ ਕਰਦੇ ਰਹੇ।
ਕਪੂਰਥਲਾ ਵਿੱਚ ਹੋਇਆ ਸੀ ਖਾਨ ਸਾਬ ਦਾ ਜਨਮ
ਖਾਨ ਸਾਬ ਦਾ ਅਸਲੀ ਨਾਮ ਇਮਰਾਨ ਖਾਨ ਹੈ ਅਤੇ ਉਨ੍ਹਾਂ ਦਾ ਜਨਮ ਕਪੂਰਥਲਾ ਵਿੱਚ ਹੋਇਆ ਸੀ। ਪੰਜਾਬੀ ਗਾਇਕ ਗੈਰੀ ਸੰਧੂ ਨਾਲ ਇੱਕ ਐਲਬਮ ‘ਤੇ ਕੰਮ ਕਰਦਿਆਂ, ਸੰਧੂ ਨੇ ਉਨ੍ਹਾਂ ਦਾ ਨਾਮ ‘ਖਾਨ ਸਾਬ’ ਰੱਖਿਆ ਸੀ, ਜੋ ਉਸ ਤੋਂ ਬਾਅਦ ਹੀ ਮਸ਼ਹੂਰ ਹੋ ਗਿਆ। ਖਾਨ ਸਾਬ ਨੇ ਇਸ ਗੱਲ ਦਾ ਖੁਲਾਸਾ ਕਪਿਲ ਸ਼ਰਮਾ ਦੇ ਸ਼ੋਅ ‘ਤੇ ਕੀਤਾ ਸੀ।
ਖਾਨ ਸਾਬ ਨੇ ਕਈ ਹਿੱਟ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਦਾ ਮਨ ਜਿੱਤਿਆ ਹੈ ਅਤੇ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਗਾਏ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਮਾਂ ਦੇ ਦੇਹਾਂਤ ਕਾਰਨ ਪੰਜਾਬੀ ਸੰਗੀਤ ਜਗਤ ਸਮੇਤ ਫੈਨਜ਼ ਵਿੱਚ ਵੀ ਗਮ ਦਾ ਮਾਹੌਲ ਹੈ।