ਬਠਿੰਡਾ :- ਕਿਸਾਨ ਅੰਦੋਲਨ ਦੌਰਾਨ ਕੀਤੀ ਟਿੱਪਣੀ ਨੂੰ ਲੈ ਕੇ ਲਗਾਤਾਰ ਵਿਵਾਦਾਂ ’ਚ ਰਹੀ ਭਾਜਪਾ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲਈ ਅੱਜ ਦਾ ਦਿਨ ਅਹਿਮ ਮੰਨਿਆ ਜਾ ਰਿਹਾ ਹੈ। ਬਠਿੰਡਾ ਦੀ ਅਦਾਲਤ ਵਿੱਚ ਦਰਜ ਮਾਣਹਾਨੀ ਮਾਮਲੇ ਵਿੱਚ ਕੰਗਨਾ ਨੂੰ ਅੱਜ ਨਿੱਜੀ ਤੌਰ ’ਤੇ ਪੇਸ਼ ਹੋਣਾ ਹੈ। ਅਦਾਲਤੀ ਸੂਤਰਾਂ ਮੁਤਾਬਕ ਜੇਕਰ ਉਹ ਅੱਜ ਹਾਜ਼ਰ ਨਹੀਂ ਹੁੰਦੀ ਤਾਂ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਸੰਭਾਵਨਾ ਬਣ ਸਕਦੀ ਹੈ।
ਪੇਸ਼ੀ ਤੋਂ ਛੂਟ ਦੀ ਅਰਜ਼ੀ ਹੋ ਚੁੱਕੀ ਹੈ ਰੱਦ
ਪਿਛਲੀ ਸੁਣਵਾਈ ਦੌਰਾਨ ਮਾਮਲੇ ਦੀ ਸ਼ਿਕਾਇਤਕਰਤਾ ਬੇਬੇ ਮਹਿੰਦਰ ਕੌਰ ਦੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਕੰਗਨਾ ਰਣੌਤ ਦੀ ਤਰਫ਼ੋਂ ਨਿੱਜੀ ਪੇਸ਼ੀ ਤੋਂ ਛੂਟ ਲਈ ਅਰਜ਼ੀ ਦਾਇਰ ਕੀਤੀ ਗਈ ਸੀ। ਪਰ ਅਦਾਲਤ ਨੇ ਇਸ ਅਰਜ਼ੀ ਨੂੰ ਖਾਰਜ ਕਰਦੇ ਹੋਏ ਸਪੱਸ਼ਟ ਹੁਕਮ ਦਿੱਤੇ ਕਿ ਕੰਗਨਾ 15 ਜਨਵਰੀ ਨੂੰ ਖੁਦ ਅਦਾਲਤ ਵਿੱਚ ਹਾਜ਼ਰ ਹੋਵੇ।
ਕਿਸਾਨ ਅੰਦੋਲਨ ਦੌਰਾਨ ਬਿਆਨ ਬਣਿਆ ਵਿਵਾਦ ਦੀ ਜੜ
ਇਹ ਮਾਮਲਾ ਉਸ ਸਮੇਂ ਚਰਚਾ ’ਚ ਆਇਆ ਸੀ ਜਦੋਂ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੌਰਾਨ ਸੋਸ਼ਲ ਮੀਡੀਆ ’ਤੇ ਇੱਕ ਵਿਵਾਦਤ ਟਿੱਪਣੀ ਕੀਤੀ ਸੀ। ਉਸਨੇ ਇੱਕ ਬਜ਼ੁਰਗ ਔਰਤ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਸੀ ਕਿ ਅਜਿਹੀਆਂ ਔਰਤਾਂ 100 ਰੁਪਏ ਦੇ ਬਦਲੇ ਅੰਦੋਲਨਾਂ ਵਿੱਚ ਸ਼ਾਮਲ ਹੁੰਦੀਆਂ ਹਨ। ਇਸ ਟਿੱਪਣੀ ਨੂੰ ਕਿਸਾਨ ਅੰਦੋਲਨ ਅਤੇ ਬਜ਼ੁਰਗ ਔਰਤਾਂ ਦੀ ਇੱਜ਼ਤ ਨਾਲ ਜੋੜ ਕੇ ਗੰਭੀਰ ਤੌਰ ’ਤੇ ਲਿਆ ਗਿਆ।
ਬੇਬੇ ਮਹਿੰਦਰ ਕੌਰ ਵੱਲੋਂ ਦਾਇਰ ਕੀਤਾ ਗਿਆ ਸੀ ਮਾਣਹਾਨੀ ਕੇਸ
ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਦੀ ਰਹਿਣ ਵਾਲੀ 81 ਸਾਲਾ ਮਹਿੰਦਰ ਕੌਰ ਨੇ 4 ਜਨਵਰੀ 2021 ਨੂੰ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਲਗਭਗ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਕੰਗਨਾ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।
ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਨਹੀਂ ਮਿਲੀ ਰਾਹਤ
ਅਦਾਲਤੀ ਕਾਰਵਾਈ ਤੋਂ ਬਾਅਦ ਕੰਗਨਾ ਰਣੌਤ ਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ, ਪਰ ਉਥੋਂ ਵੀ ਉਸਨੂੰ ਕੋਈ ਰਾਹਤ ਨਹੀਂ ਮਿਲੀ। ਇਸ ਤੋਂ ਬਾਅਦ ਉਸਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ, ਜਿੱਥੇ ਵੀ ਅਦਾਲਤ ਨੇ ਦਖ਼ਲ ਤੋਂ ਇਨਕਾਰ ਕਰ ਦਿੱਤਾ।
ਅੱਜ ਦੀ ਪੇਸ਼ੀ ’ਤੇ ਸਭ ਦੀ ਨਿਗਾਹ
ਹੁਣ ਸਾਰੇ ਧਿਆਨ ਅੱਜ ਦੀ ਪੇਸ਼ੀ ’ਤੇ ਟਿਕੇ ਹੋਏ ਹਨ। ਕੰਗਨਾ ਰਣੌਤ ਦੀ ਹਾਜ਼ਰੀ ਜਾਂ ਗੈਰਹਾਜ਼ਰੀ ਅਗਲੀ ਕਾਨੂੰਨੀ ਕਾਰਵਾਈ ਦੀ ਦਿਸ਼ਾ ਤੈਅ ਕਰ ਸਕਦੀ ਹੈ, ਜਿਸ ਕਰਕੇ ਇਹ ਮਾਮਲਾ ਸਿਰਫ਼ ਕਾਨੂੰਨੀ ਹੀ ਨਹੀਂ, ਸਿਆਸੀ ਅਤੇ ਸਮਾਜਿਕ ਪੱਖੋਂ ਵੀ ਖਾਸ ਮਹੱਤਵ ਰੱਖਦਾ ਹੈ।

