ਬਠਿੰਡਾ :- ਬਠਿੰਡਾ ਦੀ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਮਾਮਲੇ ਵਿੱਚ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਲਈ ਅੱਜ ਦਾ ਦਿਨ ਅਹਿਮ ਮੰਨਿਆ ਜਾ ਰਿਹਾ ਹੈ। ਅਦਾਲਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਕੰਗਨਾ ਨੂੰ ਅੱਜ ਨਿੱਜੀ ਤੌਰ ’ਤੇ ਪੇਸ਼ ਹੋਣਾ ਹੈ, ਜਿਸ ਕਾਰਨ ਕੇਸ ਨੇ ਇੱਕ ਵਾਰ ਫਿਰ ਸਿਆਸੀ ਅਤੇ ਕਾਨੂੰਨੀ ਚਰਚਾ ਤੇਜ਼ ਕਰ ਦਿੱਤੀ ਹੈ।
ਪਿਛਲੀ ਸੁਣਵਾਈ ’ਚ ਵਕੀਲ ਰਾਹੀਂ ਹੋਈ ਸੀ ਪੇਸ਼ੀ
ਪਿਛਲੀ ਤਰੀਕ ਦੌਰਾਨ ਕੰਗਨਾ ਰਣੌਤ ਅਦਾਲਤ ਵਿੱਚ ਹਾਜ਼ਰ ਨਹੀਂ ਹੋਈ ਸੀ ਅਤੇ ਉਸਦੀ ਨੁਮਾਇੰਦਗੀ ਉਸਦੇ ਵਕੀਲ ਨੇ ਕੀਤੀ ਸੀ। ਉਸ ਸਮੇਂ ਸੰਸਦ ਸੈਸ਼ਨ ਦਾ ਹਵਾਲਾ ਦਿੰਦਿਆਂ ਕੰਗਨਾ ਵੱਲੋਂ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਦਿੱਤੀ ਗਈ ਸੀ, ਜਿਸਨੂੰ ਅਦਾਲਤ ਨੇ ਮਨਜ਼ੂਰ ਕਰਦੇ ਹੋਏ ਅਗਲੀ ਸੁਣਵਾਈ ਦੀ ਤਰੀਕ 5 ਜਨਵਰੀ 2026 ਨਿਰਧਾਰਤ ਕੀਤੀ ਸੀ।
ਅਦਾਲਤ ਦੇ ਸਪੱਸ਼ਟ ਹੁਕਮ, ਨਿੱਜੀ ਪੇਸ਼ੀ ਲਾਜ਼ਮੀ
ਮਾਣਹਾਨੀ ਕੇਸ ਦਰਜ ਕਰਵਾਉਣ ਵਾਲੀ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਪੱਖੋਂ ਪੇਸ਼ ਹੋ ਰਹੇ ਵਕੀਲ ਰਘਬੀਰ ਸਿੰਘ ਬੇਨੀਵਾਲ ਨੇ ਦੱਸਿਆ ਕਿ ਅਦਾਲਤ ਵੱਲੋਂ ਪਹਿਲਾਂ ਹੀ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਕਿ ਅਗਲੀ ਤਰੀਕ ’ਤੇ ਕੰਗਨਾ ਨੂੰ ਖੁਦ ਹਾਜ਼ਰ ਹੋਣਾ ਪਵੇਗਾ। ਅਦਾਲਤ ਨੇ ਗਵਾਹਾਂ ਦੇ ਬਿਆਨਾਂ ਸਬੰਧੀ ਵੀ ਦਿਸ਼ਾ-ਨਿਰਦੇਸ਼ ਦਿੱਤੇ ਹਨ ਅਤੇ ਵਾਧੂ ਗਵਾਹ ਬੁਲਾਉਣ ਦੀ ਸਥਿਤੀ ਵਿੱਚ ਪਹਿਲਾਂ ਸੂਚਨਾ ਦੇਣ ਲਈ ਕਿਹਾ ਗਿਆ ਹੈ।
ਕਿਸਾਨ ਅੰਦੋਲਨ ਨਾਲ ਜੁੜਿਆ ਵਿਵਾਦੀ ਟਵੀਟ
ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਕਿਸਾਨ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ’ਤੇ ਬੈਠੇ ਹੋਏ ਸਨ। ਉਸ ਦੌਰਾਨ ਕੰਗਨਾ ਰਣੌਤ ਵੱਲੋਂ ਕੀਤਾ ਗਿਆ ਇੱਕ ਟਵੀਟ ਵਿਵਾਦ ਦਾ ਕਾਰਨ ਬਣਿਆ ਸੀ। ਟਵੀਟ ਵਿੱਚ ਕੰਗਨਾ ਨੇ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਕਿਸਾਨ ਬੀਬੀ ਮਹਿੰਦਰ ਕੌਰ ਨੂੰ ਪੈਸੇ ਲੈ ਕੇ ਧਰਨੇ ’ਚ ਸ਼ਾਮਿਲ ਹੋਣ ਵਾਲੀ ਮਹਿਲਾ ਦੱਸਿਆ ਸੀ।
ਬਜ਼ੁਰਗ ਮਹਿਲਾ ਵੱਲੋਂ ਇਜ਼ਤ ਖ਼ਿਲਾਫ਼ ਟਿੱਪਣੀ ਦਾ ਦਾਅਵਾ
ਬੀਬੀ ਮਹਿੰਦਰ ਕੌਰ ਨੇ ਇਸ ਟਵੀਟ ਨੂੰ ਆਪਣੀ ਇਜ਼ਤ ਅਤੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਦੱਸਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਇਸ ਤੋਂ ਬਾਅਦ ਮਾਮਲਾ ਕਾਨੂੰਨੀ ਰਾਹੇ ਪੈ ਗਿਆ, ਜੋ ਹੁਣ ਬਠਿੰਡਾ ਅਦਾਲਤ ਵਿੱਚ ਅਹਿਮ ਮੋੜ ’ਤੇ ਪਹੁੰਚ ਗਿਆ ਹੈ।
ਅਦਾਲਤੀ ਫ਼ੈਸਲੇ ਵੱਲ ਸਭ ਦੀ ਨਜ਼ਰ
ਅੱਜ ਹੋਣ ਵਾਲੀ ਪੇਸ਼ੀ ਨਾਲ ਇਹ ਕੇਸ ਹੋਰ ਅਹਿਮ ਬਣ ਗਿਆ ਹੈ। ਕਾਨੂੰਨੀ ਮਾਹਿਰਾਂ ਅਤੇ ਸਿਆਸੀ ਹਲਕਿਆਂ ਦੀ ਨਜ਼ਰ ਅਦਾਲਤ ਦੀ ਅਗਲੀ ਕਾਰਵਾਈ ’ਤੇ ਟਿਕੀ ਹੋਈ ਹੈ, ਕਿਉਂਕਿ ਇਹ ਮਾਮਲਾ ਸਿਰਫ਼ ਕਾਨੂੰਨ ਤੱਕ ਸੀਮਿਤ ਨਹੀਂ, ਸਗੋਂ ਸਮਾਜਕ ਅਤੇ ਸਿਆਸੀ ਸੰਵੇਦਨਸ਼ੀਲਤਾ ਨਾਲ ਵੀ ਜੁੜਿਆ ਹੋਇਆ ਹੈ।

