ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਅੱਜ ਬਠਿੰਡਾ ਦੀ ਸਥਾਨਕ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਮਾਮਲੇ ‘ਚ ਪੇਸ਼ ਹੋਣਾ ਨਿਰਧਾਰਿਤ ਹੈ। ਮਾਮਲੇ ਵਿੱਚ ਉਨ੍ਹਾਂ ਦੇ ਵਕੀਲ ਵੱਲੋਂ ਨਿੱਜੀ ਪੇਸ਼ੀ ਤੋਂ ਰਾਹਤ ਲਈ ਦਿੱਤੀ ਅਰਜ਼ੀ ‘ਤੇ ਅੱਜ ਅਦਾਲਤ ਸੁਣਵਾਈ ਕਰੇਗੀ।
ਕੰਗਨਾ ਦੀ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ
ਪਿਛਲੀ ਸੁਣਵਾਈ ਦੌਰਾਨ ਕੰਗਨਾ ਦੇ ਕਾਨੂੰਨੀ ਨੁਮਾਇੰਦਿਆਂ ਨੇ ਅਗਲੀ ਕਾਰਵਾਈਆਂ ‘ਚ ਅਦਾਕਾਰਾ ਨੂੰ ਹਾਜ਼ਰੀ ਤੋਂ ਛੋਟ ਦੇਣ ਦੀ ਬੇਨਤੀ ਕੀਤੀ ਸੀ। ਅਦਾਲਤ ਨੇ ਇਸ ਅਰਜ਼ੀ ਦੀ ਕਾਪੀ ਸ਼ਿਕਾਇਤਕਰਤਾ ਪੱਖ ਦੇ ਵਕੀਲ ਨੂੰ ਭੇਜ ਕੇ ਜਵਾਬ ਤਲਬ ਕੀਤਾ ਸੀ। ਅੱਜ, 4 ਦਸੰਬਰ ਨੂੰ ਕੰਗਨਾ ਦੇ ਵਕੀਲ ਆਪਣਾ ਪੱਖ ਅਦਾਲਤ ਵਿੱਚ ਪੇਸ਼ ਕਰਨਗੇ।
ਸ਼ਿਕਾਇਤਕਰਤਾ ਪੱਖ ਵੱਲੋਂ ਵਿਰੋਧ
ਮੁਦਈ ਪੱਖ ਦੇ ਵਕੀਲ ਰਘਵੀਰ ਸਿੰਘ ਬੈਣੀਵਾਲ ਨੇ ਨਿੱਜੀ ਹਾਜ਼ਰੀ ਤੋਂ ਛੋਟ ਦੀ ਮੰਗ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦਾ ਮਤਲਬ ਹੈ ਕਿ ਕੇਸ ਨਾਜ਼ੁਕ ਹੈ ਅਤੇ ਦੋਸ਼ਪੱਖ ਨੂੰ ਅਦਾਲਤ ਵਿੱਚ ਹਾਜ਼ਰ ਰਹਿ ਕੇ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਮਾਮਲੇ ਦੀ ਪਿਛੋਕੜ, 2021 ਦਾ ਕਿਸਾਨ ਅੰਦੋਲਨ
ਇਹ ਮਾਣਹਾਨੀ ਕੇਸ 2021 ਦੇ ਕਿਸਾਨਾਂ ਦੇ ਵੱਡੇ ਵਿਰੋਧ ਅੰਦੋਲਨ ਨਾਲ ਜੁੜਿਆ ਹੋਇਆ ਹੈ। ਇਸ ਦੌਰਾਨ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਇੱਕ ਟਵੀਟ ਕਰਕੇ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ 87 ਸਾਲਾ ਮਹਿੰਦਰ ਕੌਰ ਬਾਰੇ ਵਿਵਾਦਿਤ ਦਾਅਵਾ ਕੀਤਾ ਸੀ। ਟਵੀਟ ਵਿੱਚ ਉਨ੍ਹਾਂ ‘ਤੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਪੈਸੇ ਲੈਣ ਦਾ ਇਲਜ਼ਾਮ ਲਗਾਇਆ ਗਿਆ ਸੀ।
ਮਹਿੰਦਰ ਕੌਰ ਨੇ ਇਸਨੂੰ ਆਪਣੇ ਮਾਣ ਦੀ ਤੌਹੀਨ ਦੱਸਦਿਆਂ ਕੰਗਨਾ ਵਿਰੁੱਧ ਮਾਣਹਾਨੀ ਦੀ ਅਰਜ਼ੀ ਦਾਇਰ ਕੀਤੀ, ਜੋ ਹੁਣ ਬਠਿੰਡਾ ਅਦਾਲਤ ਵਿੱਚ ਸੁਣਵਾਈ ਅਧੀਨ ਹੈ।

