ਬਠਿੰਡਾ :- ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਦੀ ਅੱਜ ਬਠਿੰਡਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ ਨਿਰਧਾਰਤ ਹੈ। ਇਹ ਪੇਸ਼ੀ ਕਿਸਾਨ ਮਹਿਲਾ ਮਹਿੰਦਰ ਕੌਰ ਵੱਲੋਂ ਦਰਜ ਕਰਵਾਏ ਗਏ ਮਾਣਹਾਣੀ ਮਾਮਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਅਦਾਲਤੀ ਸਰੋਤਾਂ ਮੁਤਾਬਕ ਅੱਜ ਦੀ ਸੁਣਵਾਈ ਦੌਰਾਨ ਕੰਗਨਾ ਰਣੌਤ ਦਾ ਪਾਸਪੋਰਟ ਅਦਾਲਤ ਵਿੱਚ ਜਮ੍ਹਾ ਕਰਵਾਉਣ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਪਿਛਲੀ ਪੇਸ਼ੀ ’ਚ ਦਰਜ ਹੋ ਚੁੱਕੇ ਹਨ ਗਵਾਹਾਂ ਦੇ ਬਿਆਨ
ਪਿਛਲੀ ਸੁਣਵਾਈ ਦੌਰਾਨ ਮਾਮਲੇ ਨਾਲ ਸੰਬੰਧਿਤ ਮਹਿੰਦਰ ਕੌਰ ਵੱਲੋਂ ਪੇਸ਼ ਕੀਤੇ ਗਏ ਦੋ ਗਵਾਹਾਂ ਦੇ ਬਿਆਨ ਅਦਾਲਤ ਵਿੱਚ ਦਰਜ ਕੀਤੇ ਜਾ ਚੁੱਕੇ ਹਨ। ਅਦਾਲਤ ਹੁਣ ਮਾਮਲੇ ਦੀ ਅਗਲੀ ਕਾਰਵਾਈ ਵੱਲ ਵਧ ਰਹੀ ਹੈ।
ਕਿਸਾਨ ਅੰਦੋਲਨ ਸਮੇਂ ਦੇ ਟਵੀਟ ਨਾਲ ਜੁੜਿਆ ਹੈ ਵਿਵਾਦ
ਇਹ ਮਾਮਲਾ ਸਾਲ 2021 ਦੌਰਾਨ ਚੱਲ ਰਹੇ ਕਿਸਾਨ ਅੰਦੋਲਨ ਦੇ ਸਮੇਂ ਕੰਗਨਾ ਰਣੌਤ ਵੱਲੋਂ ਕੀਤੇ ਗਏ ਇੱਕ ਵਿਵਾਦਤ ਟਵੀਟ ਨਾਲ ਜੁੜਿਆ ਹੋਇਆ ਹੈ। ਉਸ ਟਵੀਟ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਵਸਨੀਕ 87 ਸਾਲਾ ਮਹਿਲਾ ਕਿਸਾਨ ਮਹਿੰਦਰ ਕੌਰ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਗਈ ਸੀ।
ਧਰਨੇ ’ਚ ਬੈਠੀਆਂ ਮਹਿਲਾਵਾਂ ਬਾਰੇ ਕੀਤੀ ਗਈ ਸੀ ਟਿੱਪਣੀ
ਕੰਗਨਾ ਰਣੌਤ ਵੱਲੋਂ ਟਵੀਟ ਕਰਕੇ ਕਿਹਾ ਗਿਆ ਸੀ ਕਿ ਧਰਨੇ ’ਤੇ ਬੈਠੀਆਂ ਕੁਝ ਮਹਿਲਾਵਾਂ ਦਿਹਾੜੀ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਟਿੱਪਣੀ ਤੋਂ ਬਾਅਦ ਮਹਿੰਦਰ ਕੌਰ ਵੱਲੋਂ ਅਦਾਲਤ ਦਾ ਰੁਖ ਕਰਦੇ ਹੋਏ ਮਾਣਹਾਣੀ ਦਾ ਕੇਸ ਦਰਜ ਕਰਵਾਇਆ ਗਿਆ ਸੀ।
ਪਹਿਲੀ ਪੇਸ਼ੀ ਦੌਰਾਨ ਕੰਗਨਾ ਵੱਲੋਂ ਮੁਆਫ਼ੀ
ਮਾਮਲੇ ਦੀ ਪਹਿਲੀ ਸੁਣਵਾਈ ਦੌਰਾਨ ਕੰਗਨਾ ਰਣੌਤ ਨੇ ਅਦਾਲਤ ਵਿੱਚ ਪੇਸ਼ ਹੋ ਕੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਸੀ। ਅਦਾਲਤ ਤੋਂ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਕੰਗਨਾ ਨੇ ਕਿਹਾ ਸੀ ਕਿ ਇਹ ਸਾਰਾ ਮਾਮਲਾ ਇੱਕ ਗਲਤਫਹਿਮੀ ਕਾਰਨ ਬਣਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਟਵੀਟ ਇੱਕ ਮੀਮ ਦੇ ਰੂਪ ਵਿੱਚ ਸਾਹਮਣੇ ਆਇਆ ਸੀ ਅਤੇ ਉਨ੍ਹਾਂ ਦਾ ਕਿਸੇ ਨੂੰ ਅਪਮਾਨਿਤ ਕਰਨ ਦਾ ਕੋਈ ਇਰਾਦਾ ਨਹੀਂ ਸੀ।
ਅਦਾਲਤ ਦੀ ਅਗਲੀ ਕਾਰਵਾਈ ’ਤੇ ਟਿਕੀਆਂ ਨੇ ਨਜ਼ਰਾਂ
ਹੁਣ ਸਾਰੀਆਂ ਨਜ਼ਰਾਂ ਅੱਜ ਹੋਣ ਵਾਲੀ ਸੁਣਵਾਈ ’ਤੇ ਟਿਕੀਆਂ ਹੋਈਆਂ ਹਨ, ਜਿਸ ਦੌਰਾਨ ਅਦਾਲਤ ਮਾਮਲੇ ਦੀ ਅਗਲੀ ਦਿਸ਼ਾ ਤੈਅ ਕਰ ਸਕਦੀ ਹੈ।

