ਚੰਡੀਗੜ੍ਹ :- ਬਾਲੀਵੁੱਡ ਅਦਾਕਾਰਾ ਅਤੇ ਲੋਕ ਸਭਾ ਸਾਂਸਦ ਕੰਗਨਾ ਰਣੌਤ ਅੱਜ ਇੱਕ ਵਾਰ ਫਿਰ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣੀ ਹੈ। ਇਹ ਮਾਮਲਾ ਇੱਕ ਕਿਸਾਨ ਮਹਿਲਾ ਨਾਲ ਜੁੜੀ ਮਾਣਹਾਣੀ ਦੀ ਸ਼ਿਕਾਇਤ ਨਾਲ ਸੰਬੰਧਿਤ ਹੈ, ਜਿਸ ਵਿੱਚ ਕੰਗਨਾ ਵੱਲੋਂ ਕਿਸਾਨ ਅੰਦੋਲਨ ਦੌਰਾਨ ਕੀਤੀ ਗਈ ਵਿਵਾਦਤ ਟਿੱਪਣੀ ਨੂੰ ਆਧਾਰ ਬਣਾਇਆ ਗਿਆ ਹੈ।
ਪਿਛਲੀ ਸੁਣਵਾਈ ’ਚ ਅਦਾਲਤ ਦੇ ਨਿੱਜੀ ਹਾਜ਼ਰੀ ਦੇ ਹੁਕਮ
ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਕੰਗਨਾ ਰਣੌਤ ਨੂੰ ਵਿਅਕਤੀਗਤ ਤੌਰ ’ਤੇ ਪੇਸ਼ ਹੋਣ ਦੇ ਸਪੱਸ਼ਟ ਹੁਕਮ ਦਿੱਤੇ ਸਨ। ਇਸ ਤੋਂ ਪਹਿਲਾਂ ਕੰਗਨਾ ਇੱਕ ਵਾਰ ਖੁਦ ਬਠਿੰਡਾ ਅਦਾਲਤ ਵਿੱਚ ਹਾਜ਼ਰ ਹੋ ਚੁੱਕੀ ਹੈ, ਜਦਕਿ ਬਾਅਦ ਦੀਆਂ ਤਰੀਖਾਂ ’ਤੇ ਉਨ੍ਹਾਂ ਦੇ ਵਕੀਲ ਅਦਾਲਤ ਵਿੱਚ ਪੇਸ਼ ਹੁੰਦੇ ਰਹੇ। ਅੱਜ ਦੀ ਸੁਣਵਾਈ ਦੌਰਾਨ ਵੀ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਲੋਕ ਸਭਾ ਦੇ ਚੱਲ ਰਹੇ ਸਰਦੀ ਇਜਲਾਸ ਕਾਰਨ ਕੰਗਨਾ ਦੀ ਥਾਂ ਉਨ੍ਹਾਂ ਦੇ ਕਾਨੂੰਨੀ ਨੁਮਾਇੰਦੇ ਪੇਸ਼ ਹੋ ਸਕਦੇ ਹਨ।
ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਦੀ ਮੰਗ
ਸੂਤਰਾਂ ਮੁਤਾਬਕ, ਕੰਗਨਾ ਰਣੌਤ ਵੱਲੋਂ ਅਦਾਲਤ ਅੱਗੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਅਰਜ਼ੀ ਵੀ ਦਿੱਤੀ ਗਈ ਹੈ। ਅਦਾਲਤ ਅੱਜ ਇਸ ਮੰਗ ’ਤੇ ਵੀ ਕੋਈ ਅਹਿਮ ਫੈਸਲਾ ਸੁਣਾ ਸਕਦੀ ਹੈ, ਜਿਸ ’ਤੇ ਦੋਹਾਂ ਧਿਰਾਂ ਦੀ ਨਜ਼ਰ ਟਿਕੀ ਹੋਈ ਹੈ।
ਗਵਾਹੀਆਂ ਦਰਜ, ਪੀੜਤ ਪੱਖ ਅਡਿੱਗ
ਇਸ ਮਾਣਹਾਣੀ ਮਾਮਲੇ ਵਿੱਚ 4 ਦਸੰਬਰ ਨੂੰ ਦੋ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਮਾਮਲਾ ਦਰਜ ਕਰਵਾਉਣ ਵਾਲੀ ਕਿਸਾਨ ਮਹਿਲਾ ਮਹਿੰਦਰ ਕੌਰ ਦੇ ਵਕੀਲ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਲੋੜੀਂਦੇ ਸਬੂਤ ਪੇਸ਼ ਕੀਤੇ ਜਾ ਚੁੱਕੇ ਹਨ। ਪੀੜਤ ਮਹਿਲਾ ਨੇ ਅਦਾਲਤ ਅੱਗੇ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਇਨਸਾਫ਼ ਲਈ ਅਦਾਲਤਾਂ ਦੇ ਚੱਕਰ ਲਗਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਉਹ ਕੰਗਨਾ ਨੂੰ ਨਿੱਜੀ ਤੌਰ ’ਤੇ ਅਦਾਲਤ ਵਿੱਚ ਹਾਜ਼ਰ ਦੇਖਣਾ ਚਾਹੁੰਦੀ ਹੈ।
ਮਹਿੰਦਰ ਕੌਰ ਨੇ ਇਹ ਵੀ ਆਖਿਆ ਕਿ ਉਹ ਕਿਸੇ ਨਿੱਜੀ ਮੁਆਫ਼ੀ ਨਾਲ ਸੰਤੁਸ਼ਟ ਨਹੀਂ ਹਨ ਅਤੇ ਜੋ ਵੀ ਫੈਸਲਾ ਅਦਾਲਤ ਅਤੇ ਕਾਨੂੰਨ ਅਨੁਸਾਰ ਹੋਵੇਗਾ, ਉਹੀ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।
ਕੀ ਹੈ ਪੂਰਾ ਵਿਵਾਦ
ਇਹ ਮਾਮਲਾ 2021 ਦੇ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ’ਤੇ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਵਸਨੀਕ 87 ਸਾਲਾ ਕਿਸਾਨ ਮਹਿਲਾ ਮਹਿੰਦਰ ਕੌਰ ਬਾਰੇ ਇੱਕ ਟਿੱਪਣੀ ਕੀਤੀ ਸੀ। ਟਵੀਟ ਵਿੱਚ ਕਿਹਾ ਗਿਆ ਸੀ ਕਿ ਅਜਿਹੀਆਂ ਮਹਿਲਾਵਾਂ ਪੈਸੇ ਲੈ ਕੇ ਧਰਨਿਆਂ ’ਚ ਸ਼ਾਮਲ ਹੁੰਦੀਆਂ ਹਨ। ਇਸ ਟਿੱਪਣੀ ਨੂੰ ਮਾਣਹਾਣੀ ਦੱਸਦਿਆਂ ਮਹਿੰਦਰ ਕੌਰ ਵੱਲੋਂ ਅਦਾਲਤ ਦਾ ਰੁਖ ਕੀਤਾ ਗਿਆ ਸੀ।
ਪਿਛਲੀ ਪੇਸ਼ੀ ’ਤੇ ਕੰਗਨਾ ਨੇ ਜਤਾਇਆ ਅਫ਼ਸੋਸ
ਪਿਛਲੀ ਸੁਣਵਾਈ ਮੌਕੇ ਕੰਗਨਾ ਰਣੌਤ ਨੇ ਅਦਾਲਤ ਵਿੱਚ ਆਪਣੇ ਬਿਆਨ ਦੌਰਾਨ ਇਸ ਟਵੀਟ ਨੂੰ ਗਲਤਫਹਿਮੀ ਦਾ ਨਤੀਜਾ ਦੱਸਦਿਆਂ ਅਫ਼ਸੋਸ ਜਤਾਇਆ ਸੀ। ਉਨ੍ਹਾਂ ਕਿਹਾ ਸੀ ਕਿ ਇਹ ਇੱਕ ਮੀਮ ਸੀ, ਜੋ ਉਨ੍ਹਾਂ ਵੱਲੋਂ ਰੀਟਵੀਟ ਕੀਤਾ ਗਿਆ ਅਤੇ ਉਨ੍ਹਾਂ ਦਾ ਕਿਸੇ ਕਿਸਾਨ ਮਹਿਲਾ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਇਸ ਸਬੰਧੀ ਉਹ ਮਹਿੰਦਰ ਕੌਰ ਦੇ ਪਰਿਵਾਰ ਨਾਲ ਗੱਲ ਕਰ ਚੁੱਕੀਆਂ ਹਨ। ਹੁਣ ਸਭ ਦੀ ਨਜ਼ਰ ਅੱਜ ਦੀ ਸੁਣਵਾਈ ’ਤੇ ਟਿਕੀ ਹੋਈ ਹੈ ਕਿ ਅਦਾਲਤ ਨਿੱਜੀ ਪੇਸ਼ੀ ਅਤੇ ਵੀਡੀਓ ਕਾਨਫਰੰਸ ਸਬੰਧੀ ਕੀ ਫੈਸਲਾ ਸੁਣਾਉਂਦੀ ਹੈ।

