ਬਠਿੰਡਾ :- ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨਾਲ ਜੁੜੇ ਮਾਣਹਾਨੀ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਬਠਿੰਡਾ ਦੀ ਅਦਾਲਤ ਵਿੱਚ ਨਿਰਧਾਰਤ ਸੀ। ਪੇਸ਼ੀ ਨੂੰ ਲੈ ਕੇ ਸਵੇਰ ਤੋਂ ਹੀ ਅਦਾਲਤੀ ਇਲਾਕੇ ’ਚ ਚਲਪਲ ਬਣੀ ਰਹੀ, ਪਰ ਕੰਗਨਾ ਰਣੌਤ ਦੀ ਗੈਰ-ਹਾਜ਼ਰੀ ਕਾਰਨ ਕਾਰਵਾਈ ਪੂਰੀ ਨਹੀਂ ਹੋ ਸਕੀ।
ਸੁਰੱਖਿਆ ਦੇ ਸਖ਼ਤ ਪ੍ਰਬੰਧ, ਫਿਰ ਵੀ ਸੁਣਵਾਈ ਅਧੂਰੀ
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਅਦਾਲਤ ਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਇਸ ਦੇ ਬਾਵਜੂਦ ਸੰਸਦ ਮੈਂਬਰ ਦੇ ਅਦਾਲਤ ਨਾ ਪਹੁੰਚਣ ਕਾਰਨ ਸੁਣਵਾਈ ਅਗਲੇ ਦਿਨ ਲਈ ਮੁਲਤਵੀ ਕਰਨੀ ਪਈ। ਹੁਣ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਤਾਰੀਖ 15 ਜਨਵਰੀ ਤੈਅ ਕੀਤੀ ਹੈ।
ਵਕੀਲ ਅਦਾਲਤ ’ਚ ਪੇਸ਼, ਪਟੀਸ਼ਨਕਰਤਾ ਨੇ ਜਤਾਇਆ ਐਤਰਾਜ਼
ਕੰਗਨਾ ਰਣੌਤ ਦੇ ਵਕੀਲ ਅਦਾਲਤ ਵਿੱਚ ਹਾਜ਼ਰ ਹੋਏ ਅਤੇ ਕਾਨੂੰਨੀ ਕਾਰਵਾਈ ਅਨੁਸਾਰ ਆਪਣਾ ਪੱਖ ਰੱਖਿਆ। ਇਸ ਦੌਰਾਨ ਪਟੀਸ਼ਨਕਰਤਾ ਪੱਖ ਵੱਲੋਂ ਸੰਸਦ ਮੈਂਬਰ ਦੀ ਮੁੜ ਮੁੜ ਗੈਰ-ਹਾਜ਼ਰੀ ’ਤੇ ਐਤਰਾਜ਼ ਜਤਾਉਂਦਿਆਂ ਅਦਾਲਤ ਤੋਂ ਸਖ਼ਤ ਰੁਖ਼ ਅਖਤਿਆਰ ਕਰਨ ਦੀ ਮੰਗ ਕੀਤੀ ਗਈ।
ਕਿਸਾਨ ਅੰਦੋਲਨ ਦੌਰਾਨ ਕੀਤੀਆਂ ਟਿੱਪਣੀਆਂ ਨਾਲ ਜੁੜਿਆ ਮਾਮਲਾ
ਇਹ ਮਾਮਲਾ 2020-21 ਦੇ ਕਿਸਾਨ ਅੰਦੋਲਨ ਸਮੇਂ ਸੋਸ਼ਲ ਮੀਡੀਆ ’ਤੇ ਕੀਤੀਆਂ ਗਈਆਂ ਟਿੱਪਣੀਆਂ ਨਾਲ ਸਬੰਧਤ ਹੈ। ਦੋਸ਼ ਹੈ ਕਿ ਕੰਗਨਾ ਰਣੌਤ ਨੇ ਇੱਕ ਟਵੀਟ ਨੂੰ ਰੀਟਵੀਟ ਕਰਦਿਆਂ ਬਠਿੰਡਾ ਜ਼ਿਲ੍ਹੇ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਸੀ। ਇਸ ਟਵੀਟ ’ਚ ਮਹਿੰਦਰ ਕੌਰ ਦੀ ਤੁਲਨਾ ਸ਼ਾਹੀਨ ਬਾਗ ਅੰਦੋਲਨ ਨਾਲ ਜੁੜੀ ਬਿਲਕੀਸ ਬਾਨੋ ਨਾਲ ਕੀਤੀ ਗਈ ਸੀ।
ਪਹਿਲਾਂ ਦਰਜ ਹੋ ਚੁੱਕੇ ਹਨ ਬਿਆਨ
ਇਸ ਮਾਮਲੇ ’ਚ 15 ਦਸੰਬਰ 2025 ਨੂੰ ਬੇਬੇ ਮਹਿੰਦਰ ਕੌਰ ਅਤੇ ਇੱਕ ਹੋਰ ਗਵਾਹ ਗੁਰਪ੍ਰੀਤ ਸਿੰਘ ਅਦਾਲਤ ਵਿੱਚ ਪੇਸ਼ ਹੋਏ ਸਨ, ਜਿੱਥੇ ਦੋਹਾਂ ਦੇ ਬਿਆਨ ਦਰਜ ਕੀਤੇ ਗਏ।
ਪਿਛਲੀ ਪੇਸ਼ੀ ਦੌਰਾਨ ਮੰਗੀ ਸੀ ਮੁਆਫ਼ੀ
ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਕੰਗਨਾ ਰਣੌਤ ਖੁਦ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਸੀ। ਉਸ ਦੌਰਾਨ ਉਸ ਨੇ ਬੇਬੇ ਮਹਿੰਦਰ ਕੌਰ ਤੋਂ ਮੁਆਫ਼ੀ ਮੰਗਦਿਆਂ ਕਿਹਾ ਸੀ ਕਿ ਉਹ ਕਿਸੇ ਵੀ ਮਾਂ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦੀ। ਹਾਲਾਂਕਿ ਬਾਅਦ ਵਿੱਚ ਮਹਿੰਦਰ ਕੌਰ ਨੇ ਸਪੱਸ਼ਟ ਕੀਤਾ ਸੀ ਕਿ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਅੰਤ ਤੱਕ ਲੈ ਕੇ ਜਾਣਗੀਆਂ।

