ਬਠਿੰਡਾ:- ਬਾਲੀਵੁੱਡ ਅਦਾਕਾਰਾ ਤੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਖ਼ਿਲਾਫ਼ ਦਾਇਰ ਮਾਣਹਾਨੀ ਮਾਮਲੇ ਦੀ ਸੁਣਵਾਈ ਅੱਜ ਬਠਿੰਡਾ ਦੀ ਅਦਾਲਤ ਵਿੱਚ ਹੋਈ, ਪਰ ਮਾਮਲੇ ’ਚ ਅਗਲੀ ਕਾਰਵਾਈ ਲਈ ਅਦਾਲਤ ਨੇ ਨਵੀਂ ਤਰੀਖ ਮੁਕਰਰ ਕਰ ਦਿੱਤੀ ਹੈ। ਹੁਣ ਇਸ ਕੇਸ ਦੀ ਅਗਲੀ ਸੁਣਵਾਈ 5 ਜਨਵਰੀ 2026 ਨੂੰ ਹੋਵੇਗੀ।
ਪੇਸ਼ੀ ਤੋਂ ਛੂਟ ਲਈ ਅਰਜ਼ੀ ਮਨਜ਼ੂਰ
ਅਦਾਲਤੀ ਕਾਰਵਾਈ ਦੌਰਾਨ ਕੰਗਨਾ ਰਣੌਤ ਖੁਦ ਹਾਜ਼ਰ ਨਹੀਂ ਹੋਈ। ਉਨ੍ਹਾਂ ਦੀ ਤਰਫ਼ੋਂ ਪੇਸ਼ ਹੋਏ ਵਕੀਲ ਨੇ ਅਦਾਲਤ ਕੋਲੋਂ ਨਿੱਜੀ ਹਾਜ਼ਰੀ ਤੋਂ ਛੂਟ ਦੀ ਬੇਨਤੀ ਕੀਤੀ, ਜਿਸਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਇਸਦੇ ਨਾਲ ਹੀ ਅਦਾਲਤ ਨੇ ਮਾਮਲੇ ਦੀ ਅਗਲੀ ਤਰੀਖ ਤੈਅ ਕਰ ਦਿੱਤੀ।
ਪਟੀਸ਼ਨਰ ਪੱਖ ਵੱਲੋਂ ਅਗਲੇ ਕਦਮਾਂ ਦਾ ਐਲਾਨ
ਮਾਮਲੇ ਦੀ ਪਟੀਸ਼ਨਰ ਬੇਬੇ ਮਹਿੰਦਰ ਕੌਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਗਵਾਹ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੇਸ਼ੀ ਤੋਂ ਛੂਟ ਸਬੰਧੀ ਅਰਜ਼ੀ ’ਤੇ ਵੀ ਕਾਨੂੰਨੀ ਬਹਿਸ ਕੀਤੀ ਜਾਵੇਗੀ।
ਕਿਸਾਨ ਅੰਦੋਲਨ ਨਾਲ ਜੁੜੀ ਟਿੱਪਣੀ ਬਣੀ ਵਿਵਾਦ ਦੀ ਵਜ੍ਹਾ
ਜ਼ਿਕਰਯੋਗ ਹੈ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਦਿੱਲੀ ਵਿੱਚ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਸਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਰਹਿਣ ਵਾਲੀ ਬੇਬੇ ਮਹਿੰਦਰ ਕੌਰ ਨੇ ਅਦਾਲਤ ਵਿੱਚ ਦਾਇਰ ਅਰਜ਼ੀ ਵਿੱਚ ਦੋਸ਼ ਲਗਾਇਆ ਸੀ ਕਿ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ’ਤੇ ਐਸੀ ਪੋਸਟ ਕੀਤੀ, ਜਿਸ ਨਾਲ ਉਨ੍ਹਾਂ ਦੀ ਬਦਨਾਮੀ ਹੋਈ। ਪਟੀਸ਼ਨ ਅਨੁਸਾਰ, ਉਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅੰਦੋਲਨਾਂ ਵਿੱਚ ਸ਼ਾਮਲ ਔਰਤਾਂ ਪੈਸੇ ਲੈ ਕੇ ਆਉਂਦੀਆਂ ਹਨ।
ਮਾਮਲਾ ਅਦਾਲਤੀ ਵਿਚਾਰਧੀਨ
ਫਿਲਹਾਲ ਮਾਮਲਾ ਅਦਾਲਤ ਦੇ ਅਧੀਨ ਹੈ ਅਤੇ ਅਗਲੀ ਸੁਣਵਾਈ ਵਿੱਚ ਗਵਾਹਾਂ ਅਤੇ ਕਾਨੂੰਨੀ ਦਲੀਲਾਂ ਦੇ ਆਧਾਰ ’ਤੇ ਕਾਰਵਾਈ ਅੱਗੇ ਵਧੇਗੀ।

