ਚੰਡੀਗੜ੍ਹ :- ਹਿਮਾਚਲ ਦੇ ਮੰਡੀ ਹਲਕੇ ਤੋਂ ਭਾਜਪਾ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੀਰਵਾਰ ਨੂੰ ਬਠਿੰਡਾ ਅਦਾਲਤ ਵਿੱਚ ਹੋਣ ਵਾਲੀ ਸੁਣਵਾਈ ‘ਚ ਇੱਕ ਵਾਰ ਫਿਰ ਹਾਜ਼ਰ ਨਹੀਂ ਹੋਈ। ਬੇਬੇ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਅੱਜ ਕੰਗਨਾ ਦੀ ਹਾਜ਼ਰੀ ਲਾਜ਼ਮੀ ਸੀ, ਪਰ ਉਹ ਅਦਾਲਤ ਨਹੀਂ ਪਹੁੰਚੀ। ਹਾਲਾਂਕਿ, ਉਨ੍ਹਾਂ ਦੇ ਵਕੀਲ ਨੇ ਅਦਾਲਤ ਅੱਗੇ ਉਨ੍ਹਾਂ ਦਾ ਪੱਖ ਰੱਖਿਆ।
ਅਦਾਲਤ ਨੇ ਦਿੱਤੀ ਅਗਲੀ ਤਰੀਕ — 15 ਦਸੰਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ
ਅਦਾਲਤ ਨੇ ਕੰਗਨਾ ਰਣੌਤ ਨੂੰ 15 ਦਸੰਬਰ ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋਣ ਲਈ ਆਦੇਸ਼ ਜਾਰੀ ਕੀਤੇ ਹਨ। ਮਾਣਹਾਨੀ ਮਾਮਲਾ ਦਾਇਰ ਕਰਨ ਵਾਲੀ 87 ਸਾਲਾ ਬੇਬੇ ਮਹਿੰਦਰ ਕੌਰ ਅੱਜ ਵੀ ਅਦਾਲਤ ਵਿੱਚ ਪੇਸ਼ ਹੋਈ। ਅਦਾਲਤ ਬਾਹਰ ਗੱਲ ਕਰਦਿਆਂ ਉਨ੍ਹਾਂ ਸਾਫ਼ ਕਿਹਾ ਕਿ “ਚਾਰ ਸਾਲਾਂ ਤੋਂ ਅਸੀਂ ਇਨਸਾਫ਼ ਲਈ ਦੌੜ ਰਹੇ ਹਾਂ, ਹੁਣ ਮਾਫ਼ ਕਰਨ ਦਾ ਕੋਈ ਸਵਾਲ ਹੀ ਨਹੀਂ ਬਣਦਾ।”
ਮਾਮਲੇ ਵਿੱਚ ਅੱਜ ਦੋ ਗਵਾਹਾਂ ਨੂੰ ਵੀ ਬੁਲਾਇਆ ਗਿਆ ਸੀ।
ਮਹਿੰਦਰ ਕੌਰ ਦੇ ਵਕੀਲ ਵੱਲੋਂ ਸਬੂਤ ਪੇਸ਼ — ਅਗਲੀ ਸੁਣਵਾਈ ਲਈ ਪੂਰੀ ਤਿਆਰੀ
ਬੇਬੇ ਮਹਿੰਦਰ ਕੌਰ ਦੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਅੱਜ ਕੁਝ ਮਹੱਤਵਪੂਰਨ ਸਬੂਤ ਅਦਾਲਤ ਅੱਗੇ ਪੇਸ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਦਾਲਤ ਨੇ ਖੁੱਲ੍ਹੇ ਤੌਰ ‘ਤੇ ਆਦੇਸ਼ ਦਿੱਤਾ ਹੈ ਕਿ ਅਗਲੀ ਸੁਣਵਾਈ ‘ਤੇ ਕੰਗਨਾ ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋਣਾ ਪਵੇਗਾ।
ਪਿਛਲੀ ਸੁਣਵਾਈ ਵਿੱਚ ਕੰਗਨਾ ਵਿਰੁੱਧ ਚਾਰਜ ਫਰੇਮ ਹੋ ਚੁੱਕੇ
ਗੌਰਤਲਬ ਹੈ ਕਿ ਪਿਛਲੀ ਸੁਣਵਾਈ ਦੌਰਾਨ ਕੰਗਨਾ ਦੇ ਵਕੀਲਾਂ ਨੇ ਨਿੱਜੀ ਪੇਸ਼ੀ ਤੋਂ ਛੋਟ ਅਤੇ ਅਗਲੇ ਮੋਹਲਤਾਂ ‘ਤੇ ਵੀਡੀਓ ਕਾਨਫਰੰਸ ਰਾਹੀਂ ਹਾਜ਼ਰੀ ਦੀ ਬੇਨਤੀ ਕੀਤੀ ਸੀ, ਜਿਸਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਉਸੇ ਦਿਨ ਅਦਾਲਤ ਨੇ ਕੰਗਨਾ ਖਿਲਾਫ਼ ਚਾਰਜ ਵੀ ਫਰੇਮ ਕੀਤੇ ਸਨ।
ਮਾਮਲੇ ਦੀ ਪੂਰੀ ਪਿਠਭੂਮੀ — ਕਿਸਾਨ ਅੰਦੋਲਨ ਦੌਰਾਨ ਕੀਤਾ ਗਇਆ ਟਵੀਟ ਬਣਾ ਵਿਵਾਦ ਦੀ ਜੜ
2021 ਦੇ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਬਜ਼ੁਰਗ ਕਿਸਾਨ ਮਹਿੰਦਰ ਕੌਰ ਨੂੰ ਇੱਕ ਅਜਿਹੀ ਔਰਤ ਵਜੋਂ ਦਰਸਾਇਆ ਸੀ ਜੋ ਵਿਰੋਧ ਪ੍ਰਦਰਸ਼ਨਾਂ ਵਿੱਚ ਪੈਸੇ ਲੈ ਕੇ ਹਿੱਸਾ ਲੈਂਦੀ ਹੈ। ਇਸ ਟਵੀਟ ਨੂੰ ਨਿੰਦਨੀਯੋਗ ਤੇ ਗਲਤ ਦੱਸਦੇ ਹੋਏ ਮਹਿੰਦਰ ਕੌਰ ਨੇ ਕੰਗਨਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ।
ਪਿਛਲੀ ਪੇਸ਼ੀ ‘ਤੇ ਕੰਗਨਾ ਨੇ ਮੰਗੀ ਸੀ ਮੁਆਫ਼ੀ
ਪਿਛਲੀ ਪੇਸ਼ੀ ਤੋਂ ਬਾਅਦ ਕੰਗਨਾ ਰਣੌਤ ਨੇ ਮੀਡੀਆ ਅੱਗੇ ਕਿਹਾ ਸੀ ਕਿ ਟਵੀਟ ਇੱਕ ਗਲਤਫਹਿਮੀ ਦੇ ਆਧਾਰ ‘ਤੇ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਬੇਬੇ ਮਹਿੰਦਰ ਕੌਰ ਨੂੰ ‘ਮਾਫ਼ੀ ਦਾ ਸੁਨੇਹਾ ਭੇਜਿਆ’ ਹੈ। ਉਨ੍ਹਾਂ ਕਿਹਾ ਸੀ ਕਿ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਉਨ੍ਹਾਂ ਦੀ ਮੰਸ਼ਾ ਨਹੀਂ ਸੀ।

