ਬਠਿੰਡਾ :- ਬਠਿੰਡਾ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਸੋਮਵਾਰ ਨੂੰ ਬਠਿੰਡਾ ਪੁਲਿਸ ਨੇ ਅਦਾਲਤ ਅੱਗੇ ਚਲਾਨ ਪੇਸ਼ ਕਰ ਦਿੱਤਾ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਖ਼ਿਲਾਫ਼ 122 ਸਫ਼ਿਆਂ ਦੀ ਵਿਸਤ੍ਰਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਮੁੱਖ ਆਰੋਪੀ ਅੰਮ੍ਰਿਤਪਾਲ ਮਹਿਰੋਂ, ਅਜੇ ਵੀ ਫਰਾਰ
ਮਾਮਲੇ ਵਿੱਚ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਕਤਲ ਤੋਂ ਬਾਅਦ ਉਹ ਅੰਮ੍ਰਿਤਸਰ ਤੋਂ ਯੂਏਈ ਭੱਜ ਗਿਆ ਸੀ। ਪੁਲਿਸ ਨੂੰ ਇਸਦੀ ਜਾਣਕਾਰੀ ਉਸ ਸਮੇਂ ਮਿਲੀ ਜਦੋਂ ਉਹ ਵਿਦੇਸ਼ ਪਹੁੰਚ ਚੁੱਕਾ ਸੀ। ਇਸ ਤੋਂ ਇਲਾਵਾ, ਅੰਮ੍ਰਿਤਪਾਲ ਨੂੰ ਭਜਾਉਣ ਵਿੱਚ ਸਹਾਇਤਾ ਕਰਨ ਵਾਲੇ ਰਣਜੀਤ ਸਿੰਘ ਅਤੇ ਇੱਕ ਹੋਰ ਅਣਪਛਾਤਾ ਵਿਅਕਤੀ ਅਜੇ ਵੀ ਗ੍ਰਿਫ਼ਤਾਰੀ ਤੋਂ ਬਚੇ ਹੋਏ ਹਨ।
ਕਤਲ ਦੀ ਸਾਜ਼ਿਸ਼ ਤੇ ਕਾਰਵਾਈ
ਪੁਲਿਸ ਅਨੁਸਾਰ, ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਨੇ ਅੰਮ੍ਰਿਤਪਾਲ ਮਹਿਰੋ ਨਾਲ ਮਿਲ ਕੇ ਪਹਿਲਾਂ ਤੋਂ ਬਣਾਈ ਯੋਜਨਾ ਅਨੁਸਾਰ ਕਮਲ ਕੌਰ ਭਾਬੀ ਦਾ ਕਤਲ ਕੀਤਾ ਸੀ। ਕਤਲ ਤੋਂ ਬਾਅਦ ਇਨ੍ਹਾਂ ਨੇ ਲਾਸ਼ ਨੂੰ ਇੱਕ ਕਾਰ ਵਿੱਚ ਰੱਖਿਆ ਅਤੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਕਾਰ ਖੜ੍ਹੀ ਕਰਕੇ ਮੌਕੇ ਤੋਂ ਫਰਾਰ ਹੋ ਗਏ।
10 ਜੂਨ ਨੂੰ ਮਿਲੀ ਸੀ ਲਾਸ਼
ਯਾਦ ਰਹੇ ਕਿ 10 ਜੂਨ ਨੂੰ ਕਮਲ ਕੌਰ ਭਾਬੀ ਦੀ ਲਾਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ਵਿੱਚੋਂ ਮਿਲੀ ਸੀ। ਇਸ ਦਹਿਸ਼ਤਜਨਕ ਖੁਲਾਸੇ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਸਪ੍ਰੀਤ ਅਤੇ ਨਿਮਰਤਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਹੋਰ ਮੁਲਜ਼ਮ ਅਜੇ ਵੀ ਕਾਨੂੰਨ ਦੀ ਪਕੜ ਤੋਂ ਬਾਹਰ ਹਨ।