ਚੰਡੀਗੜ੍ਹ :- ਪੰਜਾਬ ਦੇ ਸਕੂਲ ਆਫ਼ ਐਮਿਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਅਕਾਦਮਿਕ ਸੈਸ਼ਨ 2026–27 ਲਈ 9ਵੀਂ ਅਤੇ 11ਵੀਂ ਜਮਾਤ ਦੇ ਦਾਖ਼ਲਿਆਂ ਵਾਸਤੇ ਸਾਂਝੀ ਪ੍ਰਵੇਸ਼ ਪ੍ਰੀਖਿਆ ਮਾਰਚ 2026 ਵਿੱਚ ਕਰਵਾਈ ਜਾਵੇਗੀ। ਇਸ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 3 ਜਨਵਰੀ ਤੋਂ ਸ਼ੁਰੂ ਹੋ ਕੇ 20 ਜਨਵਰੀ 2026 ਤੱਕ ਚੱਲੇਗੀ।
ਜ਼ਿਲ੍ਹਾ ਮਾਨਸਾ ‘ਚ ਤਿੰਨ ਸਕੂਲ ਆਫ਼ ਐਮਿਨੈਂਸ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਸਕੂਲ ਆਫ਼ ਐਮਿਨੈਂਸ ਮਾਨਸਾ, ਬੋਹਾ ਅਤੇ ਸਰਦੂਲਗੜ੍ਹ ਵਿੱਚ ਸਥਿਤ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਵੇਸ਼ ਪ੍ਰੀਖਿਆ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੇਣ ਦੇ ਉਦੇਸ਼ ਨਾਲ ਆਯੋਜਿਤ ਕੀਤੀ ਜਾ ਰਹੀ ਹੈ।
ਕੌਣ ਹੋਵੇਗਾ ਯੋਗ
ਉਨ੍ਹਾਂ ਅਨੁਸਾਰ ਪੰਜਾਬ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਇਸ ਸਮੇਂ 8ਵੀਂ ਅਤੇ 10ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀ ਇਸ ਪ੍ਰੀਖਿਆ ਲਈ ਅਰਜ਼ੀ ਦੇ ਸਕਦੇ ਹਨ। ਪ੍ਰਵੇਸ਼ ਪ੍ਰੀਖਿਆ ‘ਚ ਕਾਮਯਾਬ ਰਹਿਣ ਵਾਲੇ ਉਮੀਦਵਾਰਾਂ ਨੂੰ ਸੈਸ਼ਨ 2026–27 ਦੌਰਾਨ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖ਼ਲਾ ਦਿੱਤਾ ਜਾਵੇਗਾ।
ਆਨਲਾਈਨ ਪੋਰਟਲ ਰਾਹੀਂ ਹੋਵੇਗੀ ਅਰਜ਼ੀ ਪ੍ਰਕਿਰਿਆ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਪਰਮਜੀਤ ਸਿੰਘ ਭੋਗਲ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਆਨਲਾਈਨ ਪੋਰਟਲ ਰਾਹੀਂ ਕੀਤੀ ਜਾਵੇਗੀ। ਅਰਜ਼ੀ ਭਰਦੇ ਸਮੇਂ ਵਿਦਿਆਰਥੀ ਵੱਲੋਂ ਆਪਣੀ ਵਰਤਮਾਨ ਜਮਾਤ ਸਬੰਧੀ ਵੇਰਵੇ ਦੇਣਾ ਲਾਜ਼ਮੀ ਹੋਵੇਗਾ।
ਪੀਐਸਈਬੀ ਦੇ ਵਿਦਿਆਰਥੀਆਂ ਦਾ ਡਾਟਾ ਆਪਣੇ-ਆਪ ਭਰੇਗਾ
ਡਾ. ਭੋਗਲ ਨੇ ਸਪਸ਼ਟ ਕੀਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਤ ਵਿਦਿਆਰਥੀਆਂ ਵੱਲੋਂ ਆਨਲਾਈਨ ਰੋਲ ਨੰਬਰ ਅਤੇ ਸਟੂਡੈਂਟ ਆਈਡੀ ਦਰਜ ਕਰਨ ਨਾਲ ਉਨ੍ਹਾਂ ਦੀ ਜਾਣਕਾਰੀ ਸਿਸਟਮ ਵਿੱਚ ਆਪਣੇ-ਆਪ ਭਰ ਜਾਵੇਗੀ। ਹੋਰ ਬੋਰਡਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਆਪਣਾ ਵੇਰਵਾ ਖੁਦ ਦਰਜ ਕਰਨਾ ਪਵੇਗਾ।
ਰਜਿਸਟ੍ਰੇਸ਼ਨ ਸਲਿੱਪ ਡਾਊਨਲੋਡ ਕਰਨੀ ਲਾਜ਼ਮੀ
ਲੋੜੀਂਦੇ ਸਾਰੇ ਵੇਰਵਿਆਂ ਦੀ ਪੁਸ਼ਟੀ ਹੋਣ ਮਗਰੋਂ ਰਜਿਸਟ੍ਰੇਸ਼ਨ ਸਲਿੱਪ ਡਾਊਨਲੋਡ ਕੀਤੀ ਜਾ ਸਕੇਗੀ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਓ.ਟੀ.ਵੀ ਨੰਬਰ ਤੋਂ ਬਿਨਾਂ ਅਰਜ਼ੀ ਅਧੂਰੀ ਮੰਨੀ ਜਾਵੇਗੀ, ਇਸ ਲਈ ਵਿਦਿਆਰਥੀ ਰਜਿਸਟ੍ਰੇਸ਼ਨ ਸਮੇਂ ਸਾਰੀ ਜਾਣਕਾਰੀ ਧਿਆਨ ਨਾਲ ਭਰਨ।

