ਅੰਮ੍ਰਿਤਸਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਲੈਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ’ਤੇ ਚਰਚਿਤ ਵੀਡੀਓ ਦੇ ਮਾਮਲੇ ਨੂੰ ਹਲਕੇ ਵਿੱਚ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੱਚਾਈ ਦੀ ਪਰਤ ਦਰ ਪਰਤ ਜਾਂਚ ਕਰਵਾ ਕੇ ਪੰਥ ਦੇ ਸਾਹਮਣੇ ਰੱਖੀ ਜਾਵੇਗੀ।
ਵੀਡੀਓ ਦੀ ਜਾਂਚ ਲਈ ਲੈਬਾਂ ਦੇ ਨਾਂ ਮੰਗੇ
ਜਥੇਦਾਰ ਗੜਗੱਜ ਨੇ ਦੱਸਿਆ ਕਿ ਮੁੱਖ ਮੰਤਰੀ ਪਾਸੋਂ ਦੋ ਅਜਿਹੀਆਂ ਤਕਨੀਕੀ ਲੈਬਾਂ ਦੇ ਨਾਂ ਮੰਗੇ ਗਏ ਹਨ, ਜਿੱਥੇ ਵਿਵਾਦਤ ਵੀਡੀਓ ਦੀ ਨਿਰਪੱਖ ਜਾਂਚ ਕਰਵਾਈ ਜਾ ਸਕੇ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਦਾ ਮਕਸਦ ਦੋਸ਼ ਲਗਾਉਣਾ ਨਹੀਂ, ਸਗੋਂ ਸੱਚ ਨੂੰ ਬਿਨਾਂ ਕਿਸੇ ਦਬਾਅ ਦੇ ਸਾਹਮਣੇ ਲਿਆਉਣਾ ਹੈ।
ਰਾਜ ਸੱਤਾ ’ਤੇ ਬੈਠੇ ਵਿਅਕਤੀ ਤੋਂ ਪੁੱਛਗਿੱਛ ਹੋਰ ਵੀ ਜ਼ਰੂਰੀ
ਜਥੇਦਾਰ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਕੋਈ ਵਿਅਕਤੀ ਸਰਕਾਰੀ ਅਹੁਦੇ ’ਤੇ ਹੋਵੇ, ਤਾਂ ਉਸਦੇ ਬਿਆਨਾਂ ਅਤੇ ਕਿਰਿਆਵਾਂ ਬਾਰੇ ਜਵਾਬਦੇਹੀ ਹੋਰ ਵੱਧ ਜਾਂਦੀ ਹੈ। ਅਕਾਲ ਤਖ਼ਤ ਸਾਹਿਬ ਦਾ ਫਰਜ਼ ਬਣਦਾ ਹੈ ਕਿ ਪੰਥਕ ਮਰਯਾਦਾ ਨਾਲ ਜੁੜੇ ਮਾਮਲਿਆਂ ’ਚ ਸਪੱਸ਼ਟਤਾ ਲੈ ਕੇ ਸੰਗਤ ਨੂੰ ਜਾਣੂ ਕਰਵਾਇਆ ਜਾਵੇ।
ਗੋਲਕ, ਰਹਿਤ ਮਰਯਾਦਾ ਤੇ ਵੀਡੀਓ ’ਤੇ ਲਈ ਗਈ ਵਿਆਖਿਆ
ਜਥੇਦਾਰ ਗੜਗੱਜ ਨੇ ਦੱਸਿਆ ਕਿ ਮੁੱਖ ਮੰਤਰੀ ਤੋਂ ਗੋਲਕਾਂ, ਸਿੱਖ ਰਹਿਤ ਮਰਯਾਦਾ ਅਤੇ ਵਾਇਰਲ ਵੀਡੀਓ ਸਬੰਧੀ ਪੂਰਾ ਪੱਖ ਸੁਣਿਆ ਗਿਆ ਹੈ। ਉਨ੍ਹਾਂ ਆਖਿਆ ਕਿ ਸਪੱਸ਼ਟੀਕਰਨ ਦਰਜ ਕਰ ਲਿਆ ਗਿਆ ਹੈ, ਪਰ ਵੀਡੀਓ ਦੀ ਜਾਂਚ ਕਰਵਾਉਣਾ ਅਟੱਲ ਹੈ।
ਰਹਿਤ ਮਰਯਾਦਾ ’ਤੇ ਬਿਆਨਬਾਜ਼ੀ ਤੋਂ ਪਰਹੇਜ਼ ਦੀ ਨਸੀਹਤ
ਜਥੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜੇਕਰ ਰਹਿਤ ਮਰਯਾਦਾ ਦੇ ਗਹਿਰੇ ਪੱਖਾਂ ਬਾਰੇ ਪੂਰੀ ਜਾਣਕਾਰੀ ਨਾ ਹੋਵੇ, ਤਾਂ ਅਜਿਹੇ ਵਿਸ਼ਿਆਂ ’ਤੇ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ’ਤੇ ਮੁੱਖ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਅਗੇ ਤੋਂ ਸਿੱਖ ਮਸਲਿਆਂ ’ਤੇ ਬਿਨਾਂ ਸੋਚੇ-ਸਮਝੇ ਬਿਆਨ ਨਹੀਂ ਦਿੱਤੇ ਜਾਣਗੇ।
SGPC ਦੇ ਖਰਚਿਆਂ ਦਾ ਗਜ਼ਟ ਵੀ ਸੌਂਪਿਆ
ਜਥੇਦਾਰ ਗੜਗੱਜ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਨੂੰ SGPC ਦੇ ਖਰਚਿਆਂ ਸਬੰਧੀ ਅਧਿਕਾਰਿਕ ਗਜ਼ਟ ਦਿੱਤਾ ਗਿਆ ਹੈ, ਜਿਸ ਵਿੱਚ ਹਰ ਇਕ ਪੈਸੇ ਦੀ ਵਿਸਥਾਰ ਨਾਲ ਜਾਣਕਾਰੀ ਦਰਜ ਹੈ। ਉਨ੍ਹਾਂ ਕਿਹਾ ਕਿ ਇਸਨੂੰ ਖੁਦ ਵੀ ਪੜ੍ਹਿਆ ਜਾਵੇ ਅਤੇ ਹੋਰਨਾਂ ਨੂੰ ਵੀ ਪੜ੍ਹਾਇਆ ਜਾਵੇ, ਤਾਂ ਜੋ ਗਲਤ ਫਹਿਮੀਆਂ ਦੂਰ ਹੋ ਸਕਣ।
ਅਕਾਲ ਤਖ਼ਤ ਵੈਰ ਨਹੀਂ, ਵਿਸ਼ਵਾਸ ਦੀ ਥਾਂ
ਜਥੇਦਾਰ ਨੇ ਦੁਹਰਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਦੇ ਖ਼ਿਲਾਫ਼ ਨਹੀਂ, ਸਗੋਂ ਹਰ ਉਸ ਵਿਅਕਤੀ ਲਈ ਹੈ ਜੋ ਸਨਮਾਨ ਨਾਲ ਦਰ ’ਤੇ ਆਉਂਦਾ ਹੈ। ਇੱਥੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਨਾ ਕਿ ਟਕਰਾਅ ਪੈਦਾ ਕਰਨ ਦੀ।
ਬੰਗਾ ਮਾਮਲੇ ’ਚ ਕਾਹਲੀ ’ਤੇ ਉਠਾਏ ਸਵਾਲ
ਬੰਗਾ ਨਾਲ ਜੁੜੇ ਮਾਮਲੇ ’ਤੇ ਜਥੇਦਾਰ ਗੜਗੱਜ ਨੇ ਕਿਹਾ ਕਿ ਸਰਕਾਰ ਵੱਲੋਂ ਕਾਫ਼ੀ ਜਲਦਬਾਜ਼ੀ ਦਿਖਾਈ ਗਈ। ਉਨ੍ਹਾਂ ਆਖਿਆ ਕਿ ਪੁਰਾਣੇ ਸਮਿਆਂ ’ਚ ਵੱਖ-ਵੱਖ ਧਾਰਮਿਕ ਪ੍ਰੈੱਸਾਂ ਅਤੇ ਸੰਸਥਾਵਾਂ ਵੱਲੋਂ ਵੀ ਪਾਵਨ ਸਰੂਪ ਪ੍ਰਕਾਸ਼ਿਤ ਹੁੰਦੇ ਰਹੇ ਹਨ ਅਤੇ ਕਈ ਗੁਰਦੁਆਰਿਆਂ ’ਚ ਅਜੇ ਵੀ ਅਜਿਹੇ ਸਰੂਪ ਸਤਿਕਾਰ ਸਹਿਤ ਸਸ਼ੋਭਿਤ ਹਨ।
ਹਰ ਸਰੂਪ ਸਤਿਕਾਰਯੋਗ, ਰਸੀਦ ਨਾ ਹੋਣਾ ਗਲਤ ਨਹੀਂ
ਜਥੇਦਾਰ ਨੇ ਸਪੱਸ਼ਟ ਕੀਤਾ ਕਿ ਪਿੰਡਾਂ ਦੇ ਕਈ ਗੁਰਦੁਆਰਿਆਂ ’ਚ ਰਸੀਦਾਂ ਸੰਭਾਲ ਕੇ ਨਾ ਰੱਖਣ ਦੀ ਪ੍ਰਥਾ ਰਹੀ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਉੱਥੇ ਮੌਜੂਦ ਸਰੂਪ ਅਣਅਧਿਕਾਰਤ ਹਨ। ਗੁਰਦੁਆਰੇ ’ਚ ਸਥਾਪਿਤ ਹਰ ਸਰੂਪ ਗੁਰੂ ਸਾਹਿਬ ਦਾ ਹੀ ਹੈ ਅਤੇ ਉਸਦਾ ਪੂਰਾ ਸਤਿਕਾਰ ਹੈ।
ਅਗਲਾ ਫੈਸਲਾ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਸਪੱਸ਼ਟੀਕਰਨ ਮਗਰੋਂ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸੱਦੀ ਜਾਵੇਗੀ। ਸਾਰਿਆਂ ਪੱਖਾਂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਅਗਲਾ ਹੁਕਮ ਜਾਂ ਫੈਸਲਾ ਸੰਗਤ ਦੇ ਸਾਹਮਣੇ ਰੱਖਿਆ ਜਾਵੇਗਾ।

