ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਅਤੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਨੇ ਮੌਸਮ ਨੂੰ ਅਚਾਨਕ ਠੰਢਾ ਕਰ ਦਿੱਤਾ ਹੈ। ਤਾਜ਼ਾ ਹਾਲਾਤਾਂ ਮੁਤਾਬਕ ਸਿਰਫ 24 ਘੰਟਿਆਂ ਦੇ ਅੰਦਰ ਤਾਪਮਾਨ ਵਿੱਚ ਕਰੀਬ 3.5 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ, ਜੋ ਆਮ ਪੱਧਰ ਨਾਲੋਂ ਵੀ ਲਗਭਗ 4 ਡਿਗਰੀ ਘੱਟ ਹੈ। ਇਸ ਕਾਰਨ ਮਾਰਚ ਮਹੀਨੇ ਵਿੱਚ ਵੀ ਜਨਵਰੀ ਵਰਗੀ ਠੰਢ ਦਾ ਅਹਿਸਾਸ ਹੋ ਰਿਹਾ ਹੈ।
ਮੌਸਮ ਵਿਭਾਗ ਵੱਲੋਂ ਆਰੈਂਜ ਅਲਰਟ, ਤੂਫ਼ਾਨੀ ਹਾਲਾਤਾਂ ਦੀ ਚੇਤਾਵਨੀ
ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ਲਈ ਖਾਸ ਚੇਤਾਵਨੀ ਜਾਰੀ ਕਰਦਿਆਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਰੈਂਜ ਅਲਰਟ ਲਾਗੂ ਕੀਤਾ ਹੈ। ਵਿਭਾਗ ਨੇ ਦੱਸਿਆ ਹੈ ਕਿ ਇਸ ਦੌਰਾਨ ਕਿਤੇ-ਕਿਤੇ ਗੜੇਮਾਰੀ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਵੀਰਵਾਰ ਨੂੰ ਵੀ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹੇ ਅਤੇ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦਰਜ ਕੀਤੀ ਗਈ।
ਕਈ ਜ਼ਿਲ੍ਹਿਆਂ ਵਿੱਚ ਗਰਜ-ਚਮਕ ਨਾਲ ਮੀਂਹ ਦੀ ਸੰਭਾਵਨਾ
ਤਾਜ਼ਾ ਅਨੁਮਾਨਾਂ ਮੁਤਾਬਕ ਅੱਜ ਕੁਝ ਇਲਾਕਿਆਂ ਵਿੱਚ ਗਰਜ-ਚਮਕ ਅਤੇ ਹਨੇਰੀ ਦੇ ਨਾਲ ਮੀਂਹ ਪੈਣ ਦੇ ਆਸਾਰ ਹਨ, ਜਦਕਿ ਵੱਡੇ ਪੱਧਰ ‘ਤੇ ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਖ਼ਾਸ ਤੌਰ ‘ਤੇ ਉੱਤਰੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੌਸਮ ਅਸਥਿਰ ਰਹਿਣ ਦੀ ਸੰਭਾਵਨਾ ਹੈ।
ਤੇਜ਼ ਹਵਾਵਾਂ ਨਾਲ ਮੌਸਮ ਹੋਰ ਬਦਲਣ ਦੇ ਆਸਾਰ
ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਰਗੇ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਬਿਜਲੀ ਚਮਕਣ ਅਤੇ ਗਰਜ ਨਾਲ ਮੀਂਹ ਪੈਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।
ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਆਸਾਰ
ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ ਤੋਂ ਲੈ ਕੇ ਮਾਲਵਾ ਖੇਤਰ ਤੱਕ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਸੰਗਰੂਰ, ਪਟਿਆਲਾ ਅਤੇ ਮੋਹਾਲੀ ਸਮੇਤ ਕਈ ਇਲਾਕਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਬੂੰਦਾਬਾਂਦੀ ਜਾਂ ਮੀਂਹ ਦੇ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ।

