ਜਲੰਧਰ :- ਰਾਮਾ ਮੰਡੀ ਥਾਣੇ ਦੇ ਅਧੀਨ ਆਉਂਦੀ ਰਵਿਦਾਸ ਕਾਲੋਨੀ ਵਿੱਚ ਸੋਮਵਾਰ ਤੜਕੇ ਇੱਕ ਨੌਜਵਾਨ ਦੀ ਨਿਰਦਈ ਤਰੀਕੇ ਨਾਲ ਹੱਤਿਆ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 20 ਸਾਲਾ ਆਸ਼ੂ ਵਜੋਂ ਹੋਈ ਹੈ, ਜੋ ਇਸੇ ਇਲਾਕੇ ਦਾ ਰਹਿਣ ਵਾਲਾ ਸੀ। ਵਾਰਦਾਤ ਤੋਂ ਬਾਅਦ ਕਾਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਤੜਕੇ ਹੋਇਆ ਝਗੜਾ, ਚਾਕੂ ਨਾਲ ਕੀਤਾ ਹਮਲਾ
ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਕਰੀਬ 4 ਵਜੇ ਆਸ਼ੂ ਦਾ ਆਪਣੇ ਕੁਝ ਦੋਸਤਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਬਹਿਸ ਇੰਨੀ ਵਧ ਗਈ ਕਿ ਦੋਸਤਾਂ ਨੇ ਉਸ ਦੇ ਪੇਟ ਵਿੱਚ ਚਾਕੂ ਮਾਰ ਦਿੱਤਾ। ਗੰਭੀਰ ਜ਼ਖ਼ਮ ਲੱਗਣ ਕਾਰਨ ਆਸ਼ੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਮਲਾਵਰ ਘਟਨਾ ਤੋਂ ਬਾਅਦ ਫਰਾਰ ਹੋ ਗਏ।
ਪੁਲਿਸ ਤੇ ਫੋਰੈਂਸਿਕ ਟੀਮਾਂ ਮੌਕੇ ’ਤੇ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਦਾ ਦਾਅਵਾ: ਜਾਣ-ਪਛਾਣ ਵਾਲਿਆਂ ਨੇ ਕੀਤਾ ਕਤਲ
ਮ੍ਰਿਤਕ ਦੇ ਪਿਤਾ ਕੰਨਾ ਸਿੱਧੂ ਨੇ ਦੱਸਿਆ ਕਿ ਪੁੱਤਰ ਦੇ ਕੁਝ ਦੋਸਤ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੇ ਘਰ ਰਹਿ ਰਹੇ ਸਨ। ਉਨ੍ਹਾਂ ਅਨੁਸਾਰ ਰਾਤ ਨੂੰ ਝਗੜੇ ਮਗਰੋਂ ਤਰਨ ਸਿੰਘ ਅਤੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਆਸ਼ੂ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਸਵੇਰੇ ਜਦੋਂ ਉਹ ਛੱਤ ’ਤੇ ਗਏ ਤਾਂ ਪੁੱਤਰ ਨੂੰ ਖੂਨ ਨਾਲ ਲਥਪੱਥ ਮ੍ਰਿਤਕ ਹਾਲਤ ਵਿੱਚ ਵੇਖਿਆ।
ਪਿਛੋਕੜ ਦੀ ਵੀ ਜਾਂਚ ਕਰ ਰਹੀ ਪੁਲਿਸ
ਪੁਲਿਸ ਮੁਤਾਬਕ ਆਸ਼ੂ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਘਰ ਵਿੱਚ ਰਹਿ ਰਿਹਾ ਸੀ। ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਉਨ੍ਹਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ.

