ਜਲੰਧਰ :- ਜਲੰਧਰ ’ਚ ‘ਆਈ ਲਵ ਮੁਹੰਮਦ’ ਮਾਮਲੇ ਨੂੰ ਲੈ ਕੇ ਪੈਦਾ ਹੋਏ ਤਣਾਅ ਨੇ ਆਖ਼ਿਰਕਾਰ ਖ਼ਾਤਮਾ ਵੇਖਿਆ। ਮੁਸਲਮਾਨ ਭਾਈਚਾਰੇ ਦੇ ਰੋਸ ਪ੍ਰਦਰਸ਼ਨ ਦੌਰਾਨ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਗਾਉਣ ਵਾਲੇ ਯੋਗੇਸ਼ ਮੈਣੀ ਅਤੇ ਮੁਸਲਮਾਨ ਭਾਈਚਾਰੇ ਦੇ ਆਗੂ ਹੁਣ ਇਕ ਦੂਜੇ ਨਾਲ ਗਲ ਮਿਲਾ ਕੇ ਸ਼ਾਂਤੀ ਦਾ ਸੰਦੇਸ਼ ਦੇ ਰਹੇ ਹਨ।
ਕੈਬਨਿਟ ਮੰਤਰੀ ਨੇ ਦੋਹਾਂ ਧਿਰਾਂ ਨੂੰ ਮੇਜ਼ ’ਤੇ ਬਿਠਾਇਆ
ਇਸ ਮਿਲਾਪ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਦੋਹਾਂ ਧਿਰਾਂ ਨੂੰ ਆਪਣੇ ਘਰ ਸੱਦ ਕੇ ਰਾਜ਼ੀਨਾਮੇ ਦੀ ਰਾਹ ਹੰਭਾਈ। ਗੱਲਬਾਤ ਦੌਰਾਨ ਦੋਹਾਂ ਪਾਸਿਆਂ ਨੇ ਮੰਨਿਆ ਕਿ ਜੋ ਕੁਝ ਵੀ ਵਾਪਰਿਆ, ਉਹ ਕਦੇ ਨਹੀਂ ਹੋਣਾ ਚਾਹੀਦਾ ਸੀ।
ਪੰਜਾਬ ਦੀ ਸਾਂਝ ਨੂੰ ਬਣਾਏ ਰੱਖਣ ਦਾ ਵਾਅਦਾ
ਮੁਸਲਮਾਨ ਭਾਈਚਾਰੇ ਦੇ ਆਗੂ ਆਯੂਬ ਖ਼ਾਨ ਨੇ ਕਿਹਾ ਕਿ ਅੱਗੇ ਤੋਂ ਅਸੀਂ ਸਾਰੇ ਤਿਉਹਾਰ ਇਕੱਠੇ ਮਨਾਵਾਂਗੇ। ਉਨ੍ਹਾਂ ਐਲਾਨ ਕੀਤਾ ਕਿ ਇਸ ਦੀਵਾਲੀ ‘ਤੇ ਉਹ ਯੋਗੇਸ਼ ਮੈਣੀ ਦੇ ਘਰ ਜਾ ਕੇ ਖ਼ੁਸ਼ੀਆਂ ਸਾਂਝੀਆਂ ਕਰਨਗੇ। ਯੋਗੇਸ਼ ਮੈਣੀ ਨੇ ਵੀ ਕਿਹਾ ਕਿ ਪੰਜਾਬ ਦੀ ਸਾਂਝ ਹਮੇਸ਼ਾ ਮਜ਼ਬੂਤ ਰਹੇਗੀ।
ਆਮ ਆਦਮੀ ਪਾਰਟੀ ਦੀ ਮੌਜੂਦਗੀ
ਰਾਜ਼ੀਨਾਮੇ ਦੀ ਇਸ ਮੀਟਿੰਗ ਵਿੱਚ ਦੋਹਾਂ ਭਾਈਚਾਰਿਆਂ ਦੇ ਆਗੂਆਂ ਦੇ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਹਾਜ਼ਰ ਰਹੀ। ਸਭ ਨੇ ਮਿਲ ਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ।