ਲੁਧਿਆਣਾ :- ਲੁਧਿਆਣਾ ਦੇ ਟਿੱਬਾ ਰੋਡ ਦੀ ਗੁਰਮੇਲ ਕਾਲੋਨੀ ਵਿੱਚ ਬੀਤੀ ਰਾਤ ਨੂੰ ਇੱਕ ਗੰਭੀਰ ਹਾਦਸਾ ਵਾਪਰਿਆ। ਟਾਟਾ 407 ਗੱਡੀ ਨੇ ਬਿਜਲੀ ਦੇ ਟ੍ਰਾਂਸਫ਼ਾਰਮਰ ਨੂੰ ਟੱਕਰ ਮਾਰੀ, ਜਿਸ ਕਾਰਨ ਧਮਾਕਾ ਹੋਇਆ। ਇਸ ਦੌਰਾਨ ਲਗਾਤਾਰ ਕਈ ਛੋਟੇ-ਵੱਡੇ ਧਮਾਕੇ ਹੋਏ, ਜਿਸ ਨਾਲ ਇਲਾਕੇ ਦੇ ਲੋਕ ਡਰ ਗਏ ਅਤੇ ਘਰੋਂ ਬਾਹਰ ਨਿਕਲ ਕੇ ਗਲੀਆਂ ਵਿਚ ਇਕੱਠੇ ਹੋ ਗਏ।
ਟੱਕਰ ਨਾਲ ਗੱਡੀ ਸੁਆਹ ਹੋ ਗਈ ਅਤੇ ਟ੍ਰਾਂਸਫ਼ਾਰਮਰ, ਹਾਈ-ਵੋਲਟੇਜ ਤੇ ਲੋਅ-ਵੋਲਟੇਜ ਲਾਈਨਾਂ ਨਾਲ ਲੋਹੇ ਦੇ ਖੰਭੇ ਵੀ ਜ਼ਬਰਦਸਤ ਤਬਾਹ ਹੋ ਗਏ। ਇਸ ਹਾਦਸੇ ਕਾਰਨ ਪਾਵਰਕਾਮ ਵਿਭਾਗ ਨੂੰ ਤਕਰੀਬਨ 8.5 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ।
ਅਸਮਾਨ ਨਾਲ ਲੱਗੀਆਂ ਭਿਆਨਕ ਲਪਟਾਂ
ਇਲਾਕੇ ਦੀਆਂ ਔਰਤਾਂ ਨੇ ਦੱਸਿਆ ਕਿ ਧਮਾਕੇ ਇੰਨੇ ਜ਼ਬਰਦਸਤ ਸਨ ਕਿ ਜਿਵੇਂ ਇਲਾਕੇ ਵਿੱਚ ਬੰਬ ਫੱਟ ਗਿਆ ਹੋਵੇ। ਉੱਠ ਰਹੀਆਂ ਲਾਲ-ਹਲਕੀ ਲਪਟਾਂ ਨੇ ਧੂੰਏਂ ਦੇ ਕਾਲੇ ਬੱਦਲ ਪੈਦਾ ਕੀਤੇ ਜੋ ਕਈ ਕਿੱਲੋਮੀਟਰ ਦੂਰ ਤਕ ਫੈਲ ਗਏ। ਲੋਕ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਇੱਧਰ-ਉੱਧਰ ਭੱਜਦੇ ਨਜ਼ਰ ਆਏ।
ਪਾਵਰਕਾਮ ਵਿਭਾਗ ਨੇ ਕੀਤਾ ਬਚਾਅ
ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਉਣ ਲਈ ਤੇਜ਼ ਪਾਣੀ ਦੀਆਂ ਬੁਛਾਰਾਂ ਮਾਰੀ। ਪਾਵਰਕਾਮ ਵਿਭਾਗ ਦੇ ਐਕਸੀਅਨ ਸੰਜੀਵ ਕੁਮਾਰ ਜੌਲੀ ਨੇ ਦੱਸਿਆ ਕਿ ਗੱਡੀ ਦੇ ਟੈਂਕਰ ਵਿੱਚ ਥਿਨਰ ਵਾਲਾ ਕੈਮੀਕਲ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਟ੍ਰਾਂਸਫਾਰਮਰ ਨਾਲ ਲੱਗਦੇ ਹਾਈ-ਵੋਲਟੇਜ ਤੇ ਲੋਅ-ਵੋਲਟੇਜ ਖੰਭੇ ਸੁਆਹ ਹੋ ਗਏ।
ਡਰਾਈਵਰ ਦੀ ਗਲਤੀ ਕਾਰਨ ਪਾਵਰਕਾਮ ਨੂੰ 8.5 ਲੱਖ ਰੁਪਏ ਦਾ ਨੁਕਸਾਨ ਹੋਇਆ। ਗੱਡੀ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਖ਼ਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਬਿਜਲੀ ਸਪਲਾਈ ਬਹਾਲ
ਹਾਦਸੇ ਤੋਂ ਬਾਅਦ ਪਾਵਰਕਾਮ ਦੇ 22 ਅਫ਼ਸਰਾਂ ਅਤੇ ਮੁਲਾਜ਼ਮਾਂ ਦੀ ਟੀਮ ਸਾਰੀ ਰਾਤ ਕੰਮ ਕਰਦੀ ਰਹੀ। ਲੋਡ ਨੂੰ ਹੋਰ ਟ੍ਰਾਂਸਫਾਰਮਰਾਂ ’ਤੇ ਸ਼ਿਫਟ ਕਰਕੇ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਇਲਾਕੇ ਵਿੱਚ ਨਵਾਂ ਟ੍ਰਾਂਸਫਾਰਮਰ ਅਤੇ ਖੰਭੇ ਲਗਾਉਣ ਦਾ ਕੰਮ ਵੀ ਜਾਰੀ ਹੈ।