ਮੁੱਖ ਮੰਤਰੀ ਐਕਸ਼ਨ ਲਾਈਨ ‘ਤੇ ਮਿਲੀ ਸ਼ਿਕਾਇਤ ‘ਤੇ ਹੋਈ ਕਾਰਵਾਈ
ਸ਼ਾਹਕੋਟ :- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸ਼ਾਹਕੋਟ ਤਹਿਸੀਲ ਵਿੱਚ ਤਾਇਨਾਤ ਕਾਨੂੰਗੋ ਜਤਿੰਦਰ ਸਿੰਘ ਨੂੰ 2,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਹੇਠ ਚੁੱਕਿਆ ਗਿਆ ਹੈ।
ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਲੁਧਿਆਣਾ ਦੇ ਇਕ ਨਿਵਾਸੀ ਵੱਲੋਂ ਮੁੱਖ ਮੰਤਰੀ ਐਂਟੀ ਕਰਪਸ਼ਨ ਐਕਸ਼ਨ ਲਾਈਨ ‘ਤੇ ਆਈ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ।
ਇੰਤਕਾਲ ਕਰਵਾਉਣ ਦੀ ਰਿਸ਼ਵਤ ਮੰਗ ਰਿਹਾ ਸੀ ਕਾਨੂੰਗੋ
ਸ਼ਿਕਾਇਤਕਰਤਾ ਦੇ ਅਨੁਸਾਰ, ਉਕਤ ਕਾਨੂੰਗੋ ਨੇ ਉਸਦੇ ਪਰਿਵਾਰਕ ਮੈਂਬਰ ਦੀ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਬਦਲੇ 6,000 ਰੁਪਏ ਰਿਸ਼ਵਤ ਦੀ ਮੰਗ ਕੀਤੀ, ਪਰ 2,000 ਰੁਪਏ ਪਹਿਲਾਂ ਹੀ ਲਏ ਜਾ ਚੁੱਕੇ ਸਨ।
ਵਿਜੀਲੈਂਸ ਦੀ ਜਾਂਚ ਦੌਰਾਨ ਸ਼ਿਕਾਇਤ ਸਹੀ ਪਾਈ ਗਈ। ਇਸ ਦੇ ਅਧਾਰ ‘ਤੇ ਕਾਨੂੰਗੋ ਜਤਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਨੇ ਕਿਹਾ ਕਿ ਮੁਲਜ਼ਮ ਨੂੰ ਕੱਲ੍ਹ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।